ਜਗਰਾਓਂ: 19 Jan 2026 AJ DI Awaaj
Punjab Desk : ਜਗਰਾਓਂ ਦੇ ਬਲਾਕ ਸਿੱਧਵਾਂ ਬੇਟ ਅਧੀਨ ਪੈਂਦੇ ਪਿੰਡ ਸ਼ੇਰੇਵਾਲ ਵਿੱਚ ਬੀਤੇ ਦਿਨ 25 ਸਾਲਾ ਨੌਜਵਾਨ ਜਸਵੀਰ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌ*ਤ ਹੋ ਗਈ। ਇਹ ਮੌ*ਤ ਇਕੱਲੀ ਨਹੀਂ, ਸਗੋਂ ਨਸ਼ੇ ਨੇ ਇਸ ਪਰਿਵਾਰ ਨੂੰ ਪੂਰੀ ਤਰ੍ਹਾਂ ਉਜਾੜ ਕੇ ਰੱਖ ਦਿੱਤਾ ਹੈ। ਜਸਵੀਰ ਸਿੰਘ ਤੋਂ ਪਹਿਲਾਂ ਉਸਦੇ ਪਿਤਾ ਅਤੇ ਪੰਜ ਭਰਾਵਾਂ ਦੀ ਵੀ ਨਸ਼ੇ ਕਾਰਨ ਮੌ*ਤ ਹੋ ਚੁੱਕੀ ਹੈ।
ਪਰਿਵਾਰਕ ਜਾਣਕਾਰੀ ਮੁਤਾਬਕ, ਜਸਵੀਰ ਦੇ ਪਿਤਾ ਮੁਖਤਿਆਰ ਸਿੰਘ ਦੀ ਸਾਲ 2012 ਵਿੱਚ ਜ਼ਿਆਦਾ ਸ਼ਰਾਬ ਪੀਣ ਕਾਰਨ ਹਾਦਸੇ ਵਿੱਚ ਮੌ*ਤ ਹੋ ਗਈ ਸੀ। ਉਸੇ ਸਾਲ ਘਰ ਦੇ ਇੱਕ ਹੋਰ ਪੁੱਤਰ ਦੀ ਵੀ ਨਸ਼ੇ ਕਾਰਨ ਜਾਨ ਚਲੀ ਗਈ। ਇਸ ਤੋਂ ਬਾਅਦ 2021 ਤੋਂ ਜਨਵਰੀ 2026 ਤੱਕ ਮੁਖਤਿਆਰ ਸਿੰਘ ਦੇ ਹੋਰ ਪੰਜ ਪੁੱਤਰ ਇਕ-ਇਕ ਕਰਕੇ ਨਸ਼ੇ ਦੀ ਭੇਟ ਚੜ੍ਹ ਗਏ।
ਇਸ ਤਰ੍ਹਾਂ ਹੁਣ ਇਸ ਪਰਿਵਾਰ ਵਿੱਚ ਸਿਰਫ਼ ਬਜ਼ੁਰਗ ਮਾਂ ਛਿੰਦਰ ਕੌਰ ਹੀ ਬਚੀ ਹੈ, ਜੋ ਆਪਣੀਆਂ ਦੋ ਨੂੰਹਾਂ, ਦੋ ਪੋਤਿਆਂ ਅਤੇ ਇੱਕ ਪੋਤੀ ਨਾਲ ਰਹਿ ਰਹੀ ਹੈ। ਬੇਸਹਾਰਾ ਮਾਂ ਪੁਲਿਸ ਅਤੇ ਪ੍ਰਸ਼ਾਸਨ ਤੋਂ ਆਪਣੇ ਬੱਚਿਆਂ ਦੀ ਮੌ*ਤ ਲਈ ਇਨਸਾਫ਼ ਦੀ ਮੰਗ ਕਰ ਰਹੀ ਹੈ।
ਮ੍ਰਿ*ਤਕ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਇਲਾਕੇ ਵਿੱਚ ਨਸ਼ਾ ਖੁੱਲ੍ਹੇਆਮ ਵਿਕਦਾ ਹੈ ਅਤੇ ਪੁਲਿਸ ਵੱਲੋਂ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਨਸ਼ੇ ਕਾਰਨ ਇਲਾਕੇ ਵਿੱਚ ਆਏ ਦਿਨ ਮੌ*ਤਾਂ ਹੋ ਰਹੀਆਂ ਹਨ। ਜਸਵੀਰ ਸਿੰਘ ਦੀ ਮੌ*ਤ ਤੋਂ ਬਾਅਦ ਪੁਲਿਸ ਨੇ ਇੱਕ ਮਹਿਲਾ ਸਮੇਤ ਇੱਕ ਹੋਰ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਪਰ ਖ਼ਬਰ ਲਿਖੇ ਜਾਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਸੀ।
ਇਸ ਮਾਮਲੇ ’ਚ ਜਦੋਂ ਗਿੱਦੜਵਿੰਡੀ ਪੁਲਿਸ ਚੌਂਕੀ ਦੇ ਇੰਚਾਰਜ ਰਾਜਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਸਵੀਰ ਸਿੰਘ ਦੀ ਮੌ*ਤ ਨਸ਼ੇ ਨਾਲ ਹੋਣ ਦੀ ਪੁਸ਼ਟੀ ਅਜੇ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਪਸ਼ਟ ਹੋਵੇਗਾ। ਫਿਲਹਾਲ ਪੁਲਿਸ ਨੇ ਇੱਕ ਮਹਿਲਾ ਅਤੇ ਇੱਕ ਪੁਰਸ਼ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਜਿਸ ਮਹਿਲਾ ’ਤੇ ਹੁਣ ਨਸ਼ਾ ਵੇਚਣ ਦਾ ਪਰਚਾ ਦਰਜ ਕੀਤਾ ਗਿਆ ਹੈ, ਉਸਦੇ ਪਤੀ ਨੂੰ 9 ਜਨਵਰੀ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਪਹਿਲਾਂ ਹੀ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾ ਚੁੱਕਾ ਹੈ।














