Delhi 17 Jan 2026 AJ DI Awaaj
National Desk : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਮੀਟਿੰਗ ਤੋਂ ਬਾਅਦ CM ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਦੌਰਾਨ ਬੀਜ ਐਕਟ, FCI, RDF, SYL ਅਤੇ ਸਰਹੱਦ ਨਾਲ ਜੁੜੇ ਮੁੱਦਿਆਂ ‘ਤੇ ਵਿਸਥਾਰ ਨਾਲ ਵਿਚਾਰ-ਚਰਚਾ ਹੋਈ।
CM ਮਾਨ ਨੇ ਕਿਹਾ ਕਿ ਬੀਜ ਐਕਟ ਨੂੰ ਲੈ ਕੇ ਪੰਜਾਬ ਸਰਕਾਰ ਨੇ ਆਪਣਾ ਪੱਖ ਸਪੱਸ਼ਟ ਤੌਰ ‘ਤੇ ਰੱਖਿਆ ਹੈ। ਉਨ੍ਹਾਂ ਗ੍ਰਹਿ ਮੰਤਰੀ ਅੱਗੇ ਅਪੀਲ ਕੀਤੀ ਕਿ ਸੀਡ ਐਕਟ ਨੂੰ ਸੰਸਦ ਵਿੱਚ ਨਾ ਲਿਆਂਦਾ ਜਾਵੇ ਕਿਉਂਕਿ ਇਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿਸਾਨ ਆਪਣੀ ਫਸਲ ਵਿਚੋਂ ਕੁਝ ਹਿੱਸਾ ਬੀਜ ਵਜੋਂ ਸੰਭਾਲ ਲੈਂਦੇ ਹਨ, ਪਰ ਜੇ ਕੰਪਨੀਆਂ ਵੱਲੋਂ ਬੀਜ ਖਰੀਦਣ ਲਈ ਮਜ਼ਬੂਰ ਕੀਤਾ ਗਿਆ ਤਾਂ ਇਹ ਠੀਕ ਨਹੀਂ। ਇਸ ਲਈ ਇਸ ਐਕਟ ਦਾ ਵਿਰੋਧ ਕੀਤਾ ਗਿਆ ਹੈ।
ਚੰਡੀਗੜ੍ਹ FCI ਦੇ ਮਾਮਲੇ ‘ਤੇ ਵੀ ਮੁੱਖ ਮੰਤਰੀ ਨੇ ਆਪਣਾ ਐਤਰਾਜ਼ ਦਰਜ ਕਰਵਾਇਆ। ਉਨ੍ਹਾਂ ਕਿਹਾ ਕਿ ਚੰਡੀਗੜ੍ਹ FCI ਦਾ GM ਪੰਜਾਬ ਕੈਡਰ ਤੋਂ ਹੀ ਹੋਣਾ ਚਾਹੀਦਾ ਹੈ, ਪਰ ਇਸ ਵਾਰ ਯੂਟੀ ਕੈਡਰ ਦਾ ਅਧਿਕਾਰੀ ਲਗਾਇਆ ਗਿਆ ਹੈ। ਇਸ ‘ਤੇ ਗ੍ਰਹਿ ਮੰਤਰੀ ਵੱਲੋਂ ਪੈਨਲ ਦੇਣ ਅਤੇ ਮਾਮਲੇ ‘ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਗਿਆ ਹੈ।
CM ਮਾਨ ਨੇ ਕਿਹਾ ਕਿ ਪੰਜਾਬ ਦੇਸ਼ ਦਾ ਸਭ ਤੋਂ ਵੱਡਾ ਅੰਨਦਾਤਾ ਹੈ ਅਤੇ RDF ਕੋਈ ਭੀਖ ਨਹੀਂ, ਸਗੋਂ ਪੰਜਾਬ ਦਾ ਹੱਕ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਲਗਭਗ 8500 ਕਰੋੜ ਰੁਪਏ RDF ਦੇ ਬਕਾਇਆ ਹਨ, ਜੋ ਰਿਲੀਜ਼ ਕੀਤੇ ਜਾਣ ਦੀ ਮੰਗ ਰੱਖੀ ਗਈ। ਇਸ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਰੋਸਾ ਦਿੱਤਾ ਕਿ RDF ਦੀ ਰਕਮ ਦੀ ਪਹਿਲੀ ਕਿਸ਼ਤ ਜਲਦ ਜਾਰੀ ਕੀਤੀ ਜਾਵੇਗੀ ਅਤੇ ਇਸ ਮਸਲੇ ‘ਤੇ ਇੱਕ ਬੈਠਕ ਵੀ ਬੁਲਾਈ ਜਾਵੇਗੀ।
ਮੀਟਿੰਗ ਦੌਰਾਨ SYL ਦੇ ਮੁੱਦੇ ‘ਤੇ ਵੀ ਚਰਚਾ ਹੋਈ। CM ਮਾਨ ਨੇ ਕਿਹਾ ਕਿ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਵਿਚਾਰਧੀਨ ਹੈ ਅਤੇ ਪੰਜਾਬ ਕੋਲ ਦੇਣ ਲਈ ਵਾਧੂ ਪਾਣੀ ਨਹੀਂ ਹੈ। ਉਨ੍ਹਾਂ ਅਮਿਤ ਸ਼ਾਹ ਅੱਗੇ SYL ਦੇ ਮਸਲੇ ਨੂੰ ਸੁਲਝਾਉਣ ਦੀ ਅਪੀਲ ਕੀਤੀ।
ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਅੰਤਰਰਾਸ਼ਟਰੀ ਸਰਹੱਦ ‘ਤੇ ਲੱਗੀ ਕੰਢੇਦਾਰ ਤਾਰ ਨੂੰ ਹੋਰ ਅੰਦਰ ਕਰਨ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਖੇਤੀ ਕਰਨ ਵਿੱਚ ਸੁਵਿਧਾ ਮਿਲੇਗੀ ਅਤੇ ਤਸਕਰੀ ‘ਤੇ ਵੀ ਰੋਕ ਲੱਗੇਗੀ। CM ਮਾਨ ਮੁਤਾਬਕ ਗ੍ਰਹਿ ਮੰਤਰੀ ਇਸ ਮਸਲੇ ‘ਤੇ ਸਹਿਮਤ ਹੋ ਗਏ ਹਨ ਅਤੇ ਕੰਢੇਦਾਰ ਤਾਰ ਅੰਦਰ ਕੀਤੀ ਜਾਵੇਗੀ।












