ਤਰਨ ਤਾਰਨ 09 Jan 2026 AJ DI Awaaj
Punjab Desk : ਚੋਣ ਕਮਿਸ਼ਨ ਨੇ ਤਰਨ ਤਾਰਨ ਦੀ ਐਸਐਸਪੀ ਰਵਜੋਤ ਕੌਰ ਗਰੇਵਾਲ ਦੀ ਮੁਅੱਤਲੀ ਹਟਾਉਂਦੇ ਹੋਏ ਉਨ੍ਹਾਂ ਨੂੰ ਮੁੜ ਬਹਾਲ ਕਰ ਦਿੱਤਾ ਹੈ। ਹਾਲਾਂਕਿ ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਇਹ ਫੈਸਲਾ ਪਿਛਲੀ ਤਰੀਕ ਤੋਂ ਲਾਗੂ ਨਹੀਂ ਹੋਵੇਗਾ।
ਚੋਣ ਕਮਿਸ਼ਨ ਨੇ ਇਹ ਵੀ ਦੱਸਿਆ ਕਿ ਡਾ. ਰਵਜੋਤ ਕੌਰ ਗਰੇਵਾਲ ਵਿਰੁੱਧ ਚੱਲ ਰਹੀ ਵਿਭਾਗੀ ਜਾਂਚ ਸਬੰਧੀ ਅੰਤਿਮ ਫੈਸਲਾ ਕਮਿਸ਼ਨ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਤਰਨ ਤਾਰਨ ਉਪ-ਚੋਣ ਲਈ ਵੋਟਿੰਗ ਤੋਂ ਸਿਰਫ਼ ਤਿੰਨ ਦਿਨ ਪਹਿਲਾਂ ਚੋਣ ਕਮਿਸ਼ਨ (ECI) ਨੇ ਰਵਜੋਤ ਕੌਰ ਗਰੇਵਾਲ ਨੂੰ ਮੁਅੱਤਲ ਕਰ ਦਿੱਤਾ ਸੀ। ਉਨ੍ਹਾਂ ਉੱਤੇ ਉਪ-ਚੋਣ ਦੌਰਾਨ ਦਖ਼ਲਅੰਦਾਜ਼ੀ ਅਤੇ ਪੱਖਪਾਤ ਦੇ ਦੋਸ਼ ਲਗੇ ਸਨ।
ਇਹ ਕਾਰਵਾਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਹੋਈ ਸੀ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਸੀ ਕਿ SSP ਰਵਜੋਤ ਕੌਰ ਗਰੇਵਾਲ ਨੇ ਅਕਾਲੀ ਵਰਕਰਾਂ ਵਿਰੁੱਧ ਝੂਠੀਆਂ FIRs ਦਰਜ ਕਰਵਾਈਆਂ ਅਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਕੰਮ ਕਰਦੇ ਹੋਏ ਚੋਣ ਮੁਹਿੰਮ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ।
ਇਸ ਮਾਮਲੇ ਦੀ ਜਾਂਚ ਲਈ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਨੂੰ ਵੀ ਨਿਯੁਕਤ ਕੀਤਾ ਗਿਆ ਸੀ। ਚੋਣ ਕਮਿਸ਼ਨ ਵੱਲੋਂ ਹੁਣ ਮੁਅੱਤਲੀ ਹਟਾ ਦਿੱਤੀ ਗਈ ਹੈ, ਪਰ ਜਾਂਚ ਪ੍ਰਕਿਰਿਆ ਜਾਰੀ ਰਹੇਗੀ।














