ਅਧੂਰੀ ਨੀਂਦ ਸਿਰਫ਼ ਥਕਾਵਟ ਨਹੀਂ, ਮਾਨਸਿਕ ਸੰਤੁਲਨ ਲਈ ਵੀ ਖ਼ਤਰਨਾਕ; ਸਿਹਤ ਮਾਹਿਰਾਂ ਦੀ ਚੇਤਾਵਨੀ

34

31 ਦਸੰਬਰ, 2025 ਅਜ ਦੀ ਆਵਾਜ਼

Health Desk: ਜੇ ਤੁਹਾਨੂੰ ਰਾਤ ਨੂੰ ਤੇਜ਼ ਘਰਾੜੇ ਆਉਂਦੇ ਹਨ, ਨੀਂਦ ਵਾਰ-ਵਾਰ ਟੁੱਟਦੀ ਹੈ ਜਾਂ ਦਿਨ ਭਰ ਸੁਸਤੀ ਤੇ ਥਕਾਵਟ ਮਹਿਸੂਸ ਹੁੰਦੀ ਹੈ, ਤਾਂ ਇਹ ਲੱਛਣ ਅਣਡਿੱਠੇ ਕਰਨਾ ਭਾਰੀ ਪੈ ਸਕਦਾ ਹੈ। ਕੈਨੇਡਾ ਵਿੱਚ ਕੀਤੇ ਗਏ ਇੱਕ ਨਵੇਂ ਅਧਿਐਨ ਨੇ ਚੇਤਾਵਨੀ ਦਿੱਤੀ ਹੈ ਕਿ ਸਲੀਪ ਐਪਨੀਆ ਵਰਗੀ ਨੀਂਦ ਨਾਲ ਜੁੜੀ ਸਮੱਸਿਆ ਮਾਨਸਿਕ ਸਿਹਤ ਲਈ ਗੰਭੀਰ ਖ਼ਤਰਾ ਬਣ ਸਕਦੀ ਹੈ। ਖੋਜ ਮੁਤਾਬਕ, ਇਸ ਨਾਲ ਚਿੰਤਾ, ਤਣਾਅ ਅਤੇ ਮੂਡ ਡਿਸਆਰਡਰਜ਼ ਦਾ ਖ਼ਤਰਾ ਕਰੀਬ 40 ਫ਼ੀਸਦੀ ਤੱਕ ਵੱਧ ਜਾਂਦਾ ਹੈ।

ਇਹ ਅਧਿਐਨ ਓਟਾਵਾ ਹਾਸਪੀਟਲ ਰਿਸਰਚ ਇੰਸਟੀਚਿਊਟ ਦੇ ਵਿਗਿਆਨੀਆਂ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ਵਿੱਚ 45 ਤੋਂ 85 ਸਾਲ ਦੀ ਉਮਰ ਦੇ 30 ਹਜ਼ਾਰ ਤੋਂ ਵੱਧ ਲੋਕਾਂ ਨੂੰ ਔਸਤਨ ਤਿੰਨ ਸਾਲ ਤੱਕ ਫਾਲੋਅਪ ਕੀਤਾ ਗਿਆ। ਇਨ੍ਹਾਂ ਵਿੱਚੋਂ ਲਗਭਗ 7,500 ਲੋਕ ਸਲੀਪ ਐਪਨੀਆ ਨਾਲ ਪੀੜਤ ਪਾਏ ਗਏ। ਖੋਜ ਦੇ ਨਤੀਜੇ ਪ੍ਰਸਿੱਧ ਮੈਡੀਕਲ ਜਰਨਲ ਨੈੱਟਵਰਕ ਓਪਨ ਵਿੱਚ ਪ੍ਰਕਾਸ਼ਿਤ ਹੋਏ ਹਨ।

ਮਾਹਿਰਾਂ ਅਨੁਸਾਰ, ਸਲੀਪ ਐਪਨੀਆ ਇੱਕ ਆਮ ਪਰ ਗੰਭੀਰ ਬਿਮਾਰੀ ਹੈ, ਜਿਸ ਵਿੱਚ ਸੌਂਦੇ ਸਮੇਂ ਗਲੇ ਦੀਆਂ ਮਾਸਪੇਸ਼ੀਆਂ ਢਿੱਲੀਆਂ ਪੈ ਜਾਣ ਕਾਰਨ ਸਾਹ ਦੀ ਨਲੀ ਤੰਗ ਹੋ ਜਾਂਦੀ ਹੈ। ਇਸ ਨਾਲ ਨੀਂਦ ਦੌਰਾਨ ਵਾਰ-ਵਾਰ ਸਾਹ ਰੁਕਦਾ ਹੈ ਅਤੇ ਸਰੀਰ ਵਿੱਚ ਆਕਸੀਜਨ ਦੀ ਮਾਤਰਾ ਘਟ ਜਾਂਦੀ ਹੈ। ਨਤੀਜੇ ਵਜੋਂ ਨੀਂਦ ਦੀ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ ਅਤੇ ਦਿਨ ਭਰ ਚਿੜਚਿੜਾਪਣ, ਥਕਾਵਟ ਤੇ ਧਿਆਨ ਦੀ ਕਮੀ ਰਹਿੰਦੀ ਹੈ।

ਅਧਿਐਨ ਵਿੱਚ ਇਹ ਵੀ ਸਾਹਮਣੇ ਆਇਆ ਕਿ ਜਿਨ੍ਹਾਂ ਲੋਕਾਂ ਨੂੰ ਸਲੀਪ ਐਪਨੀਆ ਦਾ ਖ਼ਤਰਾ ਵੱਧ ਹੁੰਦਾ ਹੈ, ਉਨ੍ਹਾਂ ਵਿੱਚ ਸਮੇਂ ਦੇ ਨਾਲ ਮਾਨਸਿਕ ਸਮੱਸਿਆਵਾਂ ਦਾ ਖ਼ਦਸ਼ਾ ਹੋਰ ਵੀ ਵਧਦਾ ਜਾਂਦਾ ਹੈ। ਖ਼ਾਸ ਤੌਰ ‘ਤੇ ਔਰਤਾਂ, ਘੱਟ ਉਮਰ ਦੇ ਲੋਕ, ਪਹਿਲਾਂ ਤੋਂ ਕਮਜ਼ੋਰ ਸਿਹਤ ਵਾਲੇ ਅਤੇ ਆਪਣੀ ਜ਼ਿੰਦਗੀ ਨਾਲ ਘੱਟ ਸੰਤੁਸ਼ਟ ਵਿਅਕਤੀਆਂ ਵਿੱਚ ਇਹ ਖ਼ਤਰਾ ਜ਼ਿਆਦਾ ਦੇਖਿਆ ਗਿਆ।

ਪਿਛਲੇ ਅਧਿਐਨਾਂ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਸਲੀਪ ਐਪਨੀਆ ਨਾਲ ਯਾਦਦਾਸ਼ਤ ਕਮਜ਼ੋਰ ਹੋ ਸਕਦੀ ਹੈ ਅਤੇ ਡਿਮੈਂਸ਼ੀਆ ਦਾ ਖ਼ਤਰਾ ਵੀ ਵਧ ਸਕਦਾ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸਮੇਂ ਰਹਿੰਦੇ ਪਛਾਣ ਅਤੇ ਢੁੱਕਵੇਂ ਇਲਾਜ ਨਾਲ ਨਾਂ ਸਿਰਫ਼ ਨੀਂਦ ਸੁਧਾਰੀ ਜਾ ਸਕਦੀ ਹੈ, ਸਗੋਂ ਮਾਨਸਿਕ ਅਤੇ ਦਿਮਾਗੀ ਸਿਹਤ ਨੂੰ ਵੀ ਬਚਾਇਆ ਜਾ ਸਕਦਾ ਹੈ।