ਜਲੰਧਰ ਵਿੱਚ RTA ਅਧਿਕਾਰੀ ਰਵਿੰਦਰ ਸਿੰਘ ਗਿੱਲ ਦੀ ਅਚਾਨਕ ਮੌ*ਤ

43
ਜਲੰਧਰ 31 Dec 2025 AJ DI Awaaj

 

Punjab Desk :  ਜਲੰਧਰ ਵਿੱਚ ਰੀਜਨਲ ਟਰਾਂਸਫਰ ਅਥਾਰਟੀ (RTA) ਦੇ ਅਧਿਕਾਰੀ ਰਵਿੰਦਰ ਸਿੰਘ ਗਿੱਲ (55) ਦੀ ਅਚਾਨਕ ਮੌ*ਤ ਹੋ ਗਈ। ਉਨ੍ਹਾਂ ਦੀ ਲਾ*ਸ਼ ਜਲੰਧਰ ਹਾਈਟਸ ਸਥਿਤ ਉਨ੍ਹਾਂ ਦੇ ਫਲੈਟ ਦੇ ਬਾਥਰੂਮ ਵਿੱਚੋਂ ਬਰਾਮਦ ਹੋਈ।

ਸੋਮਵਾਰ ਸਵੇਰੇ ਜਦੋਂ ਕਾਫ਼ੀ ਦੇਰ ਤੱਕ ਗਿੱਲ ਘਰ ਤੋਂ ਬਾਹਰ ਨਹੀਂ ਆਏ, ਤਾਂ ਉਨ੍ਹਾਂ ਦੇ ਡਰਾਈਵਰ ਅਤੇ ਗੰਨਮੈਨ ਨੂੰ ਸ਼ੱਕ ਹੋਇਆ। ਬਾਥਰੂਮ ਦਾ ਦਰਵਾਜ਼ਾ ਖੋਲ੍ਹਣ ‘ਤੇ ਉਹ ਬੇਹੋਸ਼ ਹਾਲਤ ਵਿੱਚ ਪਏ ਮਿਲੇ। ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਮੌਕੇ ‘ਤੇ ਪਹੁੰਚੀ ਪੁਲਿਸ ਟੀਮ ਨੇ ਲਾ*ਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਚੌਕੀ ਇੰਚਾਰਜ ਸੁਰਜੀਤ ਸਿੰਘ ਨੇ ਦੱਸਿਆ ਕਿ ਪਹਿਲੀ ਨਜ਼ਰ ਵਿੱਚ ਮਾਮਲਾ ਦਿਲ ਦਾ ਦੌਰਾ ਪੈਣ ਦਾ ਲੱਗਦਾ ਹੈ, ਹਾਲਾਂਕਿ ਮੌ*ਤ ਦੇ ਅਸਲ ਕਾਰਨ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗੀ। ਪੁਲਿਸ ਨੇ ਫਲੈਟ ਨੂੰ ਫਿਲਹਾਲ ਸੀਲ ਕਰ ਦਿੱਤਾ ਹੈ ਅਤੇ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਪਰਿਵਾਰਕ ਮੈਂਬਰਾਂ ਦੇ ਬਿਆਨ ਵੀ ਦਰਜ ਕਰੇਗੀ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਸ਼ੱਕ ਦੀ ਗੁੰਜਾਇਸ਼ ਨਾ ਰਹੇ। ਪਰਿਵਾਰਕ ਮੈਂਬਰ ਜਲੰਧਰ ਪਹੁੰਚ ਚੁੱਕੇ ਹਨ ਅਤੇ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਸ਼ਹਿਰ ਬਠਿੰਡਾ ਵਿੱਚ ਕੀਤਾ ਜਾਵੇਗਾ।

ਰਵਿੰਦਰ ਸਿੰਘ ਗਿੱਲ ਪਹਿਲਾਂ ਬਠਿੰਡਾ ਵਿੱਚ ਮੋਟਰ ਵਹੀਕਲ ਇੰਸਪੈਕਟਰ ਵਜੋਂ ਸੇਵਾ ਨਿਭਾ ਚੁੱਕੇ ਸਨ। ਤਰੱਕੀ ਤੋਂ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਮੁੱਖ ਦਫ਼ਤਰ ਵਿੱਚ ਤਾਇਨਾਤ ਕੀਤਾ ਗਿਆ ਸੀ। ਹਾਲ ਹੀ ਵਿੱਚ ਉਨ੍ਹਾਂ ਨੂੰ ਜਲੰਧਰ RTA ਦਾ ਵਾਧੂ ਚਾਰਜ ਦਿੱਤਾ ਗਿਆ ਸੀ।

ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ, ਗਿੱਲ ਦੇ ਦੋ ਪੁੱਤਰ ਹਨ, ਜਿਨ੍ਹਾਂ ਵਿੱਚੋਂ ਇੱਕ ਦਾ ਵਿਆਹ ਕੁਝ ਦਿਨ ਪਹਿਲਾਂ ਹੀ ਹੋਇਆ ਸੀ। ਖੁਸ਼ੀਆਂ ਭਰੇ ਮਾਹੌਲ ਵਿਚ ਆਈ ਇਸ ਅਚਾਨਕ ਘਟਨਾ ਨੇ ਪਰਿਵਾਰ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ।