23 ਦਸੰਬਰ, 2025 ਅਜ ਦੀ ਆਵਾਜ਼
Bollywood Desk: ਹਿੰਦੀ ਸਿਨੇਮਾ ਦੇ ਮਹਾਨ ਅਦਾਕਾਰ ਧਰਮਿੰਦਰ ਦੇ ਦੇਹਾਂਤ ਨੂੰ ਲਗਭਗ ਇੱਕ ਮਹੀਨਾ ਹੋ ਚੁੱਕਾ ਹੈ, ਪਰ ਉਨ੍ਹਾਂ ਦਾ ਵਿਛੋੜਾ ਅਜੇ ਵੀ ਫ਼ਿਲਮ ਇੰਡਸਟਰੀ ਲਈ ਨਾ ਭਰਨ ਵਾਲਾ ਘਾਟਾ ਬਣਿਆ ਹੋਇਆ ਹੈ। ਇਸ ਦੁੱਖਦਾਈ ਘੜੀ ਵਿੱਚ ਸਿਰਫ਼ ਧਰਮਿੰਦਰ ਦਾ ਪਰਿਵਾਰ ਹੀ ਨਹੀਂ, ਸਗੋਂ ਸੁਪਰਸਟਾਰ ਸਲਮਾਨ ਖ਼ਾਨ ਵੀ ਡੂੰਘੇ ਸਦਮੇ ਵਿੱਚ ਹਨ। ਸਲਮਾਨ ਕਈ ਵਾਰ ਖੁੱਲ੍ਹ ਕੇ ਕਹਿ ਚੁੱਕੇ ਹਨ ਕਿ ਉਹ ਇਸ ਘਾਟੇ ਨੂੰ ਸਹਿ ਨਹੀਂ ਪਾ ਰਹੇ।
ਹਾਲ ਹੀ ਵਿੱਚ ਇੱਕ ਅੰਤਰਰਾਸ਼ਟਰੀ ਸਮਾਗਮ ਦੌਰਾਨ ਸਲਮਾਨ ਖ਼ਾਨ ਨੇ ਧਰਮਿੰਦਰ ਨੂੰ ਯਾਦ ਕਰਦਿਆਂ ਭਾਵੁਕ ਹੋ ਕੇ ਕਿਹਾ ਕਿ ਉਹ ਆਪਣੇ ਪਿਤਾ ਸਮਾਨ ਵਿਅਕਤੀ ਨੂੰ ਗੁਆ ਬੈਠੇ ਹਨ। ਉਨ੍ਹਾਂ ਨੇ ਕਿਹਾ, “ਮੈਂ ਹਾਲ ਹੀ ਵਿੱਚ ਆਪਣਾ ਪਿਤਾ ਵਰਗਾ ਸ਼ਖਸ ਧਰਮ ਜੀ ਗੁਆ ਦਿੱਤਾ ਹੈ। ਮੈਂ ਹਮੇਸ਼ਾ ਉਨ੍ਹਾਂ ਨੂੰ ਫਾਲੋ ਕੀਤਾ। ਮੇਰੇ ਕਰੀਅਰ ਦੀ ਸੋਚ, ਅਦਾਕਾਰੀ ਅਤੇ ਜ਼ਿੰਦਗੀ ਦੇ ਅਸੂਲ ਮੈਂ ਉਨ੍ਹਾਂ ਤੋਂ ਹੀ ਸਿੱਖੇ ਹਨ।”
ਸਲਮਾਨ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਸਿਰਫ਼ ਦੋ ਹੀ ਵਿਅਕਤੀ ਅਜਿਹੇ ਰਹੇ ਜਿਨ੍ਹਾਂ ਤੋਂ ਉਨ੍ਹਾਂ ਨੂੰ ਸੱਚੀ ਪ੍ਰੇਰਨਾ ਮਿਲੀ—ਇੱਕ ਉਨ੍ਹਾਂ ਦੇ ਪਿਤਾ ਸਲੀਮ ਖ਼ਾਨ ਅਤੇ ਦੂਜੇ ਧਰਮਿੰਦਰ। “ਧਰਮ ਜੀ ਸਿਰਫ਼ ਵੱਡੇ ਅਦਾਕਾਰ ਹੀ ਨਹੀਂ ਸਨ, ਸਗੋਂ ਅਸਲ ਜ਼ਿੰਦਗੀ ਵਿੱਚ ਵੀ ਬਹੁਤ ਨੇਕ, ਇਮਾਨਦਾਰ ਅਤੇ ਸਾਫ਼ ਦਿਲ ਇਨਸਾਨ ਸਨ,” ਸਲਮਾਨ ਨੇ ਕਿਹਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ‘ਬਿੱਗ ਬੌਸ 19’ ਦੇ ਗ੍ਰੈਂਡ ਫਿਨਾਲੇ ਦੌਰਾਨ ਵੀ ਸਲਮਾਨ ਖ਼ਾਨ ਧਰਮਿੰਦਰ ਨੂੰ ਯਾਦ ਕਰਦੇ ਹੋਏ ਆਂਸੂਆਂ ਵਿੱਚ ਡੁੱਬ ਗਏ ਸਨ। ਦੋਵਾਂ ਵਿਚਕਾਰ ਦਾ ਰਿਸ਼ਤਾ ਕਾਫ਼ੀ ਖ਼ਾਸ ਸੀ। ਧਰਮਿੰਦਰ ਖ਼ੁਦ ਕਈ ਵਾਰ ਕਹਿ ਚੁੱਕੇ ਸਨ ਕਿ ਸਲਮਾਨ ਉਨ੍ਹਾਂ ਲਈ ਤੀਜੇ ਪੁੱਤਰ ਵਾਂਗ ਹਨ।
ਗੌਰਤਲਬ ਹੈ ਕਿ ਧਰਮਿੰਦਰ ਦਾ ਦੇਹਾਂਤ 24 ਨਵੰਬਰ ਨੂੰ 89 ਸਾਲ ਦੀ ਉਮਰ ਵਿੱਚ ਸਿਹਤ ਸਬੰਧੀ ਸਮੱਸਿਆਵਾਂ ਕਾਰਨ ਹੋਇਆ ਸੀ। ਛੇ ਦਹਾਕਿਆਂ ਤੋਂ ਵੱਧ ਦੇ ਆਪਣੇ ਸ਼ਾਨਦਾਰ ਫ਼ਿਲਮੀ ਕਰੀਅਰ ਦੌਰਾਨ ਉਨ੍ਹਾਂ ਨੇ ਅਨੇਕ ਯਾਦਗਾਰ ਫ਼ਿਲਮਾਂ ਨਾਲ ਦਰਸ਼ਕਾਂ ਦੇ ਦਿਲ ਜਿੱਤੇ। ਸਲਮਾਨ ਖ਼ਾਨ ਨਾਲ ਉਹ ਫ਼ਿਲਮ ‘ਪਿਆਰ ਕੀਆ ਤੋ ਡਰਨਾ ਕਿਆ’ ਵਿੱਚ ਵੀ ਇਕੱਠੇ ਨਜ਼ਰ ਆ ਚੁੱਕੇ ਹਨ।














