ਹਾਲੀਵੁੱਡ ਵਿੱਚ ਸੋਗ ਦੀ ਲਹਿਰ, ਮਸ਼ਹੂਰ ਡਾਇਰੈਕਟਰ ਰੌਬ ਰੀਨਰ ਅਤੇ ਪਤਨੀ ਦੀ ਹੱਤਿਆ ਦਾ ਸ਼ੱਕ, ਘਰ ਤੋਂ ਮਿਲੀਆਂ ਲਾ/ਸ਼ਾਂ

18
ਹਾਲੀਵੁੱਡ ਵਿੱਚ ਸੋਗ ਦੀ ਲਹਿਰ, ਮਸ਼ਹੂਰ ਡਾਇਰੈਕਟਰ ਰੌਬ ਰੀਨਰ ਅਤੇ ਪਤਨੀ ਦੀ ਹੱਤਿਆ ਦਾ ਸ਼ੱਕ, ਘਰ ਤੋਂ ਮਿਲੀਆਂ ਲਾਸ਼ਾਂ

15 ਦਸੰਬਰ, 2025 ਅਜ ਦੀ ਆਵਾਜ਼

ਐਂਟਰਟੇਨਮੈਂਟ ਡੈਸਕ— ਹਾਲੀਵੁੱਡ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਫਿਲਮਮੇਕਰ ਅਤੇ ਅਦਾਕਾਰ ਰੌਬ ਰੀਨਰ ਅਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਸਿੰਗਰ ਰੀਨਰ ਕੈਲੀਫੋਰਨੀਆ ਦੇ ਬ੍ਰੈਂਟਵੁੱਡ ਸਥਿਤ ਆਪਣੇ ਘਰ ਵਿੱਚ ਮ੍ਰਿ/ਤਕ ਮਿਲੇ ਹਨ। ਅਧਿਕਾਰੀਆਂ ਮੁਤਾਬਕ ਇਹ ਮਾਮਲਾ ਦੋਹਰੇ ਕਤਲ (ਡਬਲ ਮਰਡਰ) ਵਜੋਂ ਦੇਖਿਆ ਜਾ ਰਿਹਾ ਹੈ।

ਮੀਡੀਆ ਰਿਪੋਰਟਾਂ ਅਨੁਸਾਰ, ਦੋਵਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ਅੰਦਰੋਂ ਮਿਲੀਆਂ, ਜਿਨ੍ਹਾਂ ਦੇ ਸਰੀਰਾਂ ’ਤੇ ਚਾਕੂ ਨਾਲ ਲੱਗੇ ਜ਼ਖ਼ਮਾਂ ਵਰਗੇ ਨਿਸ਼ਾਨ ਪਾਏ ਗਏ ਹਨ। ਲਾਸ ਏਂਜਲਸ ਫਾਇਰ ਡਿਪਾਰਟਮੈਂਟ ਨੇ ਦੱਸਿਆ ਕਿ 14 ਦਸੰਬਰ ਨੂੰ ਦੁਪਹਿਰ ਕਰੀਬ 3:38 ਵਜੇ ਸਾਊਥ ਚੈਡਬੋਰਨ ਐਵੇਨਿਊ ਤੋਂ ਇੱਕ ਮੈਡੀਕਲ ਐਮਰਜੈਂਸੀ ਕਾਲ ਮਿਲੀ ਸੀ, ਜਿਸ ’ਤੇ ਤੁਰੰਤ ਕਾਰਵਾਈ ਕੀਤੀ ਗਈ।

ਗੁਆਂਢੀਆਂ ਨੇ ਪੁਸ਼ਟੀ ਕੀਤੀ ਹੈ ਕਿ ਰੌਬ ਰੀਨਰ ਅਤੇ ਉਨ੍ਹਾਂ ਦੀ ਪਤਨੀ ਉਸੇ ਘਰ ਵਿੱਚ ਰਹਿੰਦੇ ਸਨ। ਮਾਮਲੇ ਦੀ ਜਾਂਚ ਐੱਲ.ਏ.ਪੀ.ਡੀ. ਦੀ ਰੌਬਰੀ-ਹੋਮੀਸਾਈਡ ਡਿਵੀਜ਼ਨ ਵੱਲੋਂ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਘਰ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿੱਚ ਪੁਲਿਸ ਮੌਜੂਦ ਰਹੀ।

ਰੌਬ ਰੀਨਰ ਨੂੰ ਨੌਰਮਨ ਲੀਅਰ ਦੇ ਮਸ਼ਹੂਰ ਸਿਟਕਾਮ ਆਲ ਇਨ ਦਿ ਫੈਮਿਲੀ ਵਿੱਚ ਮਾਈਕਲ ‘ਮੀਟਹੈੱਡ’ ਸਟਿਵਿਕ ਦੇ ਕਿਰਦਾਰ ਨਾਲ ਵੱਡੀ ਪਹਿਚਾਣ ਮਿਲੀ ਸੀ। ਬਾਅਦ ਵਿੱਚ ਉਨ੍ਹਾਂ ਨੇ ਦਿਸ ਇਜ਼ ਸਪਾਈਨਲ ਟੈਪ, ਸਟੈਂਡ ਬਾਇ ਮੀ, ਦਿ ਪ੍ਰਿੰਸੈਸ ਬ੍ਰਾਈਡ, ਵੈਨ ਹੈਰੀ ਮੈਟ ਸੈਲੀ, ਮਿਜ਼ਰੀ ਅਤੇ ਏ ਫਿਊ ਗੁੱਡ ਮੈਨ ਵਰਗੀਆਂ ਯਾਦਗਾਰ ਫਿਲਮਾਂ ਨਾਲ ਇੱਕ ਕਾਮਯਾਬ ਡਾਇਰੈਕਟਰ ਵਜੋਂ ਆਪਣਾ ਨਾਮ ਬਣਾਇਆ।

ਅਧਿਕਾਰੀਆਂ ਅਨੁਸਾਰ, ਰੌਬ ਰੀਨਰ ਅਤੇ ਮਿਸ਼ੇਲ ਦੀ ਉਮਰ ਕਰਮਵਾਰ 78 ਅਤੇ 68 ਸਾਲ ਦੱਸੀ ਜਾ ਰਹੀ ਹੈ। ਦੋਵਾਂ ਦਾ ਵਿਆਹ 1989 ਵਿੱਚ ਹੋਇਆ ਸੀ। ਫਿਲਹਾਲ ਪੁਲਿਸ ਹਰ ਪੱਖ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੌ/ਤ ਦੇ ਅਸਲ ਕਾਰਨਾਂ ਬਾਰੇ ਅਜੇ ਕੋਈ ਅੰਤਿਮ ਬਿਆਨ ਜਾਰੀ ਨਹੀਂ ਕੀਤਾ ਗਿਆ।