10 ਦਸੰਬਰ, 2025 ਅਜ ਦੀ ਆਵਾਜ਼
Education Desk: ਕੀ 90 ਫ਼ੀਸਦੀ ਤੋਂ ਵੱਧ ਅੰਕ ਲੈਣ ਵਾਲਾ ਵਿਦਿਆਰਥੀ ਹੀ ਜ਼ਿੰਦਗੀ ਦੀ ਦੌੜ ਜਿੱਤਦਾ ਹੈ? ਇਹ ਸੋਚ ਹੁਣ ਪੁਰਾਣੀ ਹੋ ਚੁੱਕੀ ਹੈ। ਇਤਿਹਾਸ ਅਤੇ ਵਿਗਿਆਨ ਦੋਵੇਂ ਇਹ ਗਵਾਹੀ ਦਿੰਦੇ ਹਨ ਕਿ ਦੁਨੀਆ ਨੂੰ ਬਦਲਣ ਵਾਲੇ ਲੋਕ ਸਿਰਫ਼ ਇਮਤਿਹਾਨਾਂ ਵਿੱਚ ਅੱਗੇ ਨਹੀਂ ਸਨ, ਸਗੋਂ ਉਹ ਮੁਸ਼ਕਲਾਂ ਨਾਲ ਟਕਰਾਏ, ਅਸਫ਼ਲ ਹੋਏ ਅਤੇ ਡਿਗਰੀਆਂ ਤੋਂ ਉਪਰ ਉਠ ਕੇ ਸੋਚਿਆ।
ਖੋਜਾਂ ਦੱਸਦੀਆਂ ਹਨ ਕਿ ਜ਼ਿੰਮੇਵਾਰੀ ਲੈਣ ਨਾਲ ਦਿਮਾਗ਼ ਤੇਜ਼ੀ ਨਾਲ ਵਿਕਸਤ ਹੁੰਦਾ ਹੈ। ਜਿਵੇਂ ਜਿਮ ਵਿੱਚ ਭਾਰ ਚੁੱਕਣ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ, ਓਸੇ ਤਰ੍ਹਾਂ ਹਕੀਕਤੀ ਜ਼ਿੰਦਗੀ ਦੇ ਫੈਸਲੇ ਅਤੇ ਸਮੱਸਿਆਵਾਂ ਦਿਮਾਗ਼ ਦੀ ‘ਰੀ-ਵਾਇਰਿੰਗ’ ਕਰਦੇ ਹਨ। ਇਸੇ ਲਈ ਉਹ ਵਿਦਿਆਰਥੀ ਤੇਜ਼ੀ ਨਾਲ ਅੱਗੇ ਵਧਦਾ ਹੈ ਜੋ ਕਲਾਸਰੂਮ ਤੋਂ ਬਾਹਰ ਵੀ ਤਜਰਬੇ ਇਕੱਠੇ ਕਰਦਾ ਹੈ।
ਅੱਜ ਦੀ ਕਾਰਪੋਰੇਟ ਦੁਨੀਆ ਸਿਰਫ਼ ਉੱਚ IQ ਵਾਲੇ ਲੋਕ ਨਹੀਂ, ਸਗੋਂ EQ (ਭਾਵਨਾਤਮਿਕ ਸਮਝ) ਅਤੇ AQ (ਮੁਸੀਬਤਾਂ ਦਾ ਸਾਹਮਣਾ ਕਰਨ ਦੀ ਸਮਰੱਥਾ) ਵਾਲਿਆਂ ਨੂੰ ਤਰਜੀਹ ਦਿੰਦੀ ਹੈ। ਟੀਮ ਨਾਲ ਕੰਮ ਕਰਨਾ, ਗੁੱਸੇ ‘ਤੇ ਕਾਬੂ ਅਤੇ ਦਬਾਅ ਵਿੱਚ ਵੀ ਡਟੇ ਰਹਿਣਾ—ਇਹ ਹੁਨਰ ਡਿਗਰੀ ਤੋਂ ਵੱਧ ਕੀਮਤੀ ਹਨ।
ਧੀਰੂਭਾਈ ਅੰਬਾਨੀ, ਲਤਾ ਮੰਗੇਸ਼ਕਰ, ਬਿਲ ਗੇਟਸ ਅਤੇ ਸਟੀਵ ਜੌਬਸ ਵਰਗੀਆਂ ਮਿਸਾਲਾਂ ਸਾਬਤ ਕਰਦੀਆਂ ਹਨ ਕਿ ਡਿਗਰੀ ਤੁਹਾਨੂੰ ਨੌਕਰੀ ਦਾ ਰਾਹ ਦਿਖਾ ਸਕਦੀ ਹੈ, ਪਰ ਉਚਾਈਆਂ ਤੱਕ ਤੁਹਾਡਾ ਹੁਨਰ, ਜਨੂੰਨ ਅਤੇ ਨਵੀਂ ਸੋਚ ਹੀ ਲੈ ਕੇ ਜਾਂਦੇ ਹਨ।
ਬਦਲਦੇ ਸਮੇਂ ਵਿੱਚ ਨਵੀਂ ਤਕਨੀਕਾਂ ਸਿੱਖਣਾ, ਸਹੀ ਸੰਗਤ ਬਣਾਉਣਾ ਅਤੇ ਆਪਣੀ ਗੱਲ ਪ੍ਰਭਾਵਸ਼ਾਲੀ ਢੰਗ ਨਾਲ ਰੱਖਣਾ ਬਹੁਤ ਜ਼ਰੂਰੀ ਹੈ। ਵਧੀਆ ਵਿਚਾਰ ਤਦ ਹੀ ਕਾਮਯਾਬ ਹੁੰਦੇ ਹਨ ਜਦੋਂ ਉਹ ਸਹੀ ਤਰੀਕੇ ਨਾਲ ਪੇਸ਼ ਕੀਤੇ ਜਾਣ।
ਸਫਲਤਾ ਦਾ ਮੂਲ ਮੰਤਰ ਇਹ ਹੈ ਕਿ ਗ਼ਲਤੀਆਂ ਤੋਂ ਨਾ ਡਰੋ, ਮੁਸ਼ਕਿਲ ਕੰਮ ਚੁਣੋ, ਸਿੱਖਦੇ ਰਹੋ ਅਤੇ ਲੋੜ ਪੈਣ ‘ਤੇ ਪੁਰਾਣੀ ਸੋਚ ਨੂੰ ਛੱਡ ਕੇ ਨਵੀਂ ਸੋਚ ਅਪਣਾਓ। ਅਸਲ ਕਾਮਯਾਬੀ ਕਲਾਸਰੂਮ ਦੀਆਂ ਕੰਧਾਂ ਤੋਂ ਬਾਹਰ ਸ਼ੁਰੂ ਹੁੰਦੀ ਹੈ, ਜਿੱਥੇ ਸਿਰਜਣਾਤਮਿਕ ਸੋਚ ਤੁਹਾਨੂੰ ਹੋਰਨਾਂ ਤੋਂ ਅੱਗੇ ਲੈ ਜਾਂਦੀ ਹੈ।














