09 ਦਸੰਬਰ, 2025 ਅਜ ਦੀ ਆਵਾਜ਼
Health Desk: ਬਲੱਡ ਕੈਂਸਰ ਮਲਟੀਪਲ ਮਾਇਲੋਮਾ ਦੇ ਇਲਾਜ ਲਈ ਇੱਕ ਨਵੀਂ ਐਂਟੀਬਾਡੀ ਥੈਰੇਪੀ ਨੇ ਕਲੀਨਿਕਲ ਟ੍ਰਾਇਲ ਦੌਰਾਨ ਹੌਂਸਲਾਫ਼ਜ਼ਾ ਨਤੀਜੇ ਦਿੱਤੇ ਹਨ। ਟ੍ਰਾਇਲ ਵਿੱਚ ਸ਼ਾਮਲ 18 ਮਰੀਜ਼ਾਂ ਨੂੰ ਲਿਨਵੋਸੈਲਟਾਮੈਬ ਐਂਟੀਬਾਡੀ ਨਾਲ ਛੇ ਚੱਕਰਾਂ ਤੱਕ ਇਲਾਜ ਦਿੱਤਾ ਗਿਆ, ਜਿਸ ਤੋਂ ਬਾਅਦ ਵਧੇਰੇ ਸੰਵੇਦਨਸ਼ੀਲ ਜਾਂਚ ਵਿੱਚ ਕਿਸੇ ਵੀ ਮਰੀਜ਼ ਵਿੱਚ ਬਿਮਾਰੀ ਦੇ ਅੰਸ਼ ਨਹੀਂ ਮਿਲੇ। ਖੋਜਕਾਰਾਂ ਮੁਤਾਬਕ, ਇਹ ਸ਼ੁਰੂਆਤੀ ਸਫਲਤਾ ਇਸ਼ਾਰਾ ਕਰਦੀ ਹੈ ਕਿ ਇਹ ਥੈਰੇਪੀ ਕਈ ਮਰੀਜ਼ਾਂ ਨੂੰ ਉੱਚ ਤਾਕਤ ਵਾਲੀ ਕੀਮੋਥੈਰੇਪੀ ਅਤੇ ਬੋਨਮੀਰੋ ਟ੍ਰਾਂਸਪਲਾਂਟ ਤੋਂ ਬਚਾ ਸਕਦੀ ਹੈ।
ਖੋਜੀ ਡਿਕਰਾਨ ਕਜਾਂਜੀਅਨ ਨੇ ਦੱਸਿਆ ਕਿ ਮਰੀਜ਼ਾਂ ਨੂੰ ਦਿੱਤੇ ਗਏ ਆਧੁਨਿਕ ਇਲਾਜ ਨੇ ਟਿਊਮਰ ਦਾ 90 ਫੀਸਦੀ ਤੱਕ ਨਾਸ ਕਰ ਦਿੱਤਾ, ਜਦਕਿ ਲਿਨਵੋਸੈਲਟਾਮੈਬ ਦੀ ਕਾਰਗੁਜ਼ਾਰੀ ਇਹ ਸੰਕੇਤ ਦਿੰਦੀ ਹੈ ਕਿ ਰਹਿੰਦੇ ਕੈਂਸਰ ਸੈੱਲਾਂ ਦਾ ਖ਼ਤਮ ਹੋਣਾ ਲੰਬੇ ਸਮੇਂ ਦੇ ਸੁਧਾਰ ਵੱਲ ਮਜ਼ਬੂਤ ਕਦਮ ਹੋ ਸਕਦਾ ਹੈ।
ਮਲਟੀਪਲ ਮਾਇਲੋਮਾ ਪਲਾਜ਼ਮਾ ਸੈੱਲਾਂ ਵਿੱਚ ਸ਼ੁਰੂ ਹੁੰਦਾ ਹੈ ਅਤੇ ਸਰੀਰ ਦੇ ਸਧਾਰਨ ਖੂਨ ਸੈੱਲਾਂ ਦੀ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਕਰਦਾ ਹੈ। ਨਵੀਂ ਥੈਰੇਪੀ CD3 ਅਤੇ BCMA ਪ੍ਰੋਟੀਨਾਂ ਨੂੰ ਇੱਕ-ਦੂਜੇ ਨਾਲ ਜੋੜ ਕੇ ਰੋਗ-ਰੋਕੂ ਤੰਤਰ ਨੂੰ ਕੈਂਸਰ ਸੈੱਲਾਂ ਦੇ ਖ਼ਿਲਾਫ਼ ਸਰਗਰਮ ਕਰਦੀ ਹੈ। ਖੋਜਕਾਰਾਂ ਨੇ ਕਿਹਾ ਹੈ ਕਿ ਇਹ ਇਲਾਜ ਬਿਮਾਰੀ ਨੂੰ ਲੰਬੇ ਸਮੇਂ ਤੱਕ ਦੂਰ ਰੱਖ ਸਕਦਾ ਹੈ, ਹਾਲਾਂਕਿ ਇਸਦੇ ਮੁੜ ਵਾਪਸੀ ਦੇ ਖਤਰੇ ਨੂੰ ਪੂਰੀ ਤਰ੍ਹਾਂ ਨਕਾਰਿਆ ਨਹੀਂ ਜਾ ਸਕਦਾ।














