09 ਦਸੰਬਰ, 2025 ਅਜ ਦੀ ਆਵਾਜ਼
National Desk: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ਵਿੱਚ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ 150 ਸਾਲਾਂ ਸੰਬੰਧੀ ਬਹਿਸ ਦੌਰਾਨ ਵਿਰੋਧੀ ਧਿਰ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਦਾਅਵਾ ਕੀਤਾ ਕਿ ਤੁਸ਼ਟੀਕਰਨ ਦੀ ਰਾਜਨੀਤੀ ਕਰਕੇ ‘ਵੰਦੇ ਮਾਤਰਮ’ ਦੇ ਗੀਤ ਨੂੰ ਵੰਡਿਆ ਗਿਆ, ਜਿਸ ਦੇ ਨਤੀਜੇ ਵਜੋਂ ਭਾਰਤ ਦੀ ਵੰਡ ਹੋਈ। ਸ਼ਾਹ ਨੇ ਕਿਹਾ ਕਿ ਜਵਾਹਰ ਲਾਲ ਨਹਿਰੂ ਨੇ 1937 ਵਿੱਚ ਕਵਿਤਾ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਇਸਨੂੰ ਸਿਰਫ਼ ਦੋ ਪੈਰਿਆਂ ਤੱਕ ਸੀਮਤ ਕਰ ਦਿੱਤਾ। ਉਨ੍ਹਾਂ ਕਿਹਾ ਕਿ ਵੰਦੇ ਮਾਤਰਮ ਭਾਰਤੀ ਸੱਭਿਆਚਾਰਕ ਰਾਸ਼ਟਰਵਾਦ ਦਾ ਪ੍ਰਤੀਕ ਹੈ ਅਤੇ ਇਹ ਅੱਜ ਵੀ ਉਨਾ ਹੀ ਪ੍ਰਸੰਗਿਕ ਹੈ ਜਿੰਨਾ ਆਜ਼ਾਦੀ ਸੰਘਰਸ਼ ਦੇ ਸਮੇਂ ਸੀ। ਵਿਰੋਧੀ ਧਿਰ ਵੱਲੋਂ ਇਸ ਬਹਿਸ ਨੂੰ ਪੱਛਮੀ ਬੰਗਾਲ ਚੋਣਾਂ ਨਾਲ ਜੋੜਨ ਦੇ ਦੋਸ਼ਾਂ ਨੂੰ ਸ਼ਾਹ ਨੇ ਰੱਦ ਕੀਤਾ ਅਤੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਗੀਤ ਦਾ ਸੰਦੇਸ਼ ਨੌਜਵਾਨ ਪੀੜੀ ਤੱਕ ਪਹੁੰਚਾਇਆ ਜਾਵੇ।














