27 ਨਵੰਬਰ, 2025 ਅਜ ਦੀ ਆਵਾਜ਼
Punjab Desk: ਸੰਯੁਕਤ ਕਿਸਾਨ ਮੋਰਚਾ (SKM) ਨੇ ਦਿੱਲੀ ਮੋਰਚੇ ਦੀ ਪੰਜਵੀਂ ਵਰ੍ਹੇਗੰਢ ਮੌਕੇ ਚੰਡੀਗੜ੍ਹ ’ਚ ਸ਼ਕਤੀ ਪ੍ਰਦਰਸ਼ਨ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਦੋਵਾਂ ਨੂੰ ਸਖ਼ਤ ਸੁਨੇਹਾ ਦਿੱਤਾ। ਲੰਬੇ ਸਮੇਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਸ਼ਹਿਰ ਅੰਦਰ ਪ੍ਰਦਰਸ਼ਨ ਦੀ ਇਜਾਜ਼ਤ ਦਿੱਤੀ ਗਈ, ਨਹੀਂ ਤਾਂ ਅਕਸਰ ਉਨ੍ਹਾਂ ਨੂੰ ਮੋਹਾਲੀ-ਚੰਡੀਗੜ੍ਹ ਸਰਹੱਦ ’ਤੇ ਹੀ ਰੋਕਿਆ ਜਾਂਦਾ ਸੀ।
ਇਸ ਰੋਸ ਪ੍ਰਦਰਸ਼ਨ ਦੌਰਾਨ ਕਿਸਾਨ ਆਗੂਆਂ ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾ, ਹਰਿੰਦਰ ਸਿੰਘ ਲੱਖੋਵਾਲ, ਡਾ. ਦਰਸ਼ਨਪਾਲ, ਬੂਟਾ ਸਿੰਘ ਬੁਰਜ ਗਿੱਲ, ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਜਗਮੋਹਨ ਸਿੰਘ ਪਟਿਆਲਾ, ਰੁਲਦੂ ਸਿੰਘ ਮਾਨਸਾ ਸਮੇਤ ਹੋਰਾਂ ਨੇ ਕਿਹਾ ਕਿ—
MSP ਗਾਰੰਟੀ ਕਾਨੂੰਨ ਤੁਰੰਤ ਬਣਾਇਆ ਜਾਵੇ
ਬਿਜਲੀ ਬਿੱਲ 2025, ਸੀਡ ਬਿੱਲ 2025 ਅਤੇ ਚਾਰ ਲੇਬਰ ਕੋਡ ਵਾਪਸ ਲਏ ਜਾਣ
ਬਿਜਲੀ ਦੇ ਸਮਾਰਟ ਚਿੱਪ ਮੀਟਰਾਂ ਦਾ ਟੀਕਾ-ਟਿੱਪਣੀ ਸਮੇਤ ਵਿਰੋਧ ਜਾਰੀ ਰਹੇ
ਬੀਜ ਖੇਤਰ ਨੂੰ ਦੇਸੀ-ਵਿਦੇਸ਼ੀ ਕਾਰਪੋਰੇਟਾਂ ਨੂੰ ਸੌਂਪਣ ਦੀ ਕਿਸੇ ਵੀ ਕੋਸ਼ਿਸ ਦਾ ਵਿਰੋਧ ਕੀਤਾ ਜਾਵੇ
ਕਿਸਾਨ ਆਗੂਆਂ ਨੇ ਮਾਨ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਕਿਸਾਨੀ ਮੰਗਾਂ ਤੋਂ ਮੁਹੰ ਫੇਰਣ ਦੀ ਸਿਆਸੀ ਕੀਮਤ ਸਰਕਾਰ ਨੂੰ ਭੁਗਤਣੀ ਪਵੇਗੀ। ਉਨ੍ਹਾਂ ਨੇ ਗੰਨਾ ਕਾਸ਼ਤਕਾਰਾਂ ਦੇ ਬਕਾਏ ਜਲਦੀ ਰਿਲੀਜ਼ ਕਰਨ ਅਤੇ ਹਲਦੀ ਤੇ ਬੌਣੇ ਰੋਗ ਨਾਲ ਨੁਕਸਾਨੀ ਝੋਨੇ ਦਾ ਮੁਆਵਜ਼ਾ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ।
ਇਸ ਤੋਂ ਇਲਾਵਾ, ਆਗੂਆਂ ਨੇ ਚੰਡੀਗੜ੍ਹ ਨੂੰ ਪੰਜਾਬ ਹਵਾਲੇ ਕਰਨ ਦੀ ਮੰਗ ਨੂੰ ਦੁਹਰਾਇਆ ਅਤੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਸੰਘਰਸ਼ ਦਾ ਸਮਰਥਨ ਕੀਤਾ। ਉਨ੍ਹਾਂ ਨੇ ਸੈਨੇਟ ਚੋਣਾਂ ਦਾ ਤੁਰੰਤ ਐਲਾਨ ਕਰਨ ਅਤੇ ਕੌਮੀ ਸਿੱਖਿਆ ਨੀਤੀ 2020 ਨੂੰ ਰੱਦ ਕਰਨ ਦੀ ਮੰਗ ਵੀ ਉਠਾਈ।














