ਚੰਡੀਗੜ੍ਹ 22 Nov 2025 AJ DI Awaaj
Chandigarh Desk : ਪੰਜਾਬ ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਬਟਾਲਾ ਦੇ ਕਮਿਸ਼ਨਰ-ਕਮ-ਐਸਡੀਐਮ ਵਿਕਰਮਜੀਤ ਸਿੰਘ ਪਾਂਥੇ ਨੂੰ ਸ਼ਿਕਾਇਤਕਰਤਾ ਤੋਂ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਜਾਂਚ ਦੌਰਾਨ ਵਿਜੀਲੈਂਸ ਨੇ ਉਸਦੇ ਕੋਲੋਂ 13,50,000 ਰੁਪਏ ਹੋਰ ਰਕਮ ਵੀ ਬਰਾਮਦ ਕੀਤੀ, ਜਿਸਦਾ ਕੋਈ ਸਹੀ ਵੇਰਵਾ ਮੁਲਜ਼ਮ ਨਹੀਂ ਦੇ ਸਕਿਆ।
ਸੂਤਰਾਂ ਦੇ ਮੁਤਾਬਿਕ, ਸ਼ਿਕਾਇਤਕਰਤਾ ਨੇ ਨਗਰ ਨਿਗਮ ਬਟਾਲਾ ਵਿੱਚ ਸੜਕਾਂ ਦੀ ਮੁਰੰਮਤ ਅਤੇ ਇੱਕ ਲਾਈਟ-ਐਂਡ-ਸਾਊਂਡ ਸ਼ੋਅ ਲਈ ਕੰਮ ਕਰਵਾਇਆ ਸੀ। ਕਮਿਸ਼ਨਰ ਨੇ ਬਿੱਲਾਂ ਦੀ ਅਦਾਇਗੀ ਲਈ 9-10% ਕਮਿਸ਼ਨ ਰਿਸ਼ਵਤ ਮੰਗੀ, ਜਿਸਨੂੰ ਸ਼ਿਕਾਇਤਕਰਤਾ ਨੇ ਦੇਣ ਤੋਂ ਇਨਕਾਰ ਕੀਤਾ। ਵਿਜੀਲੈਂਸ ਨੇ ਜਾਲ ਵਿਛਾ ਕੇ ਮੁਲਜ਼ਮ ਨੂੰ ਦੋ ਸਰਕਾਰੀ ਗਵਾਹਾਂ ਸਾਹਮਣੇ ਰਿਸ਼ਵਤ ਲੈਂਦੇ ਕਾਬੂ ਕੀਤਾ।
ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਜਾਂਚ ਜਾਰੀ ਹੈ।












