ਫ਼ਿਰੋਜ਼ਪੁਰ,19 ਨਵੰਬਰ 2025 AJ DI Awaaj
Punjab Desk : ਸਿਹਤ ਵਿਭਾਗ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵੱਖ-ਵੱਖ ਸਮਾਗਮਾਂ ਦੀ ਕੜੀ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਵਾਸੀਆਂ ਨੂੰ ਅੰਗਦਾਨ ਕਰਨ ਲਈ ਪ੍ਰੇਰਿਤ ਕਰਨ ਅਤੇ ਜਾਗਰੂਕਤਾ ਲਈ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਦੀ ਅਗਵਾਈ ਹੇਠ ਸਹੁੰ ਚੁੱਕੀ ਗਈ।
ਇਸ ਮੌਕੇ ਡਾ. ਰਾਜਵਿੰਦਰ ਕੌਰ ਨੇ ਕਿਹਾ ਕਿ ਧਾਰਮਿਕ ਆਜ਼ਾਦੀ ਤੇ ਮਨੁੱਖੀ ਹੱਕਾਂ ਦੇ ਰਾਖੇ, ਦਇਆ ਤੇ ਤਿਆਗ ਦੀ ਮੂਰਤ ਅਤੇ ਬਹਾਦਰੀ ਦੇ ਪ੍ਰਤੀਕ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਆਪਾਂ ਸਾਰੇ ਅਤੇ ਆਪਣੇ ਪਰਿਵਾਰਾਂ ਸਮੇਤ ਅੰਗਦਾਨ ਕਰਨ ਦੀ ਸਹੁੰ ਚੁੱਕ ਕੇ ਸ਼ਰਧਾ ਨਾਲ ਨਤਮਸਤਕ ਹੋ ਕੇ ਇਸ ਅੰਗ ਦਾਨ ਮੁਹਿੰਮ ਦਾ ਹਿੱਸਾ ਬਣੀਏ।
ਉਨ੍ਹਾਂ ਦੱਸਿਆ ਕਿ ਭਾਰਤ ‘ਚ ਹਰ ਸਾਲ 5 ਲੱਖ ਲੋਕ ਸਿਰਫ ਇਸ ਲਈ ਮੌਤ ਦੇ ਰਾਹੇ ਪੈ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਸਹੀ ਸਮੇਂ ‘ਤੇ ਅੰਗ ਨਹੀਂ ਮਿਲ ਪਾਉਂਦੇ ਹਨ। ਜਿਨ੍ਹਾਂ ‘ਚੋ ਕਰੀਬ 2 ਲੱਖ ਲੋਕ ਅਜਿਹੇ ਹਨ, ਜਿਨ੍ਹਾਂ ਦੀ ਲਿਵਰ ਨਾ ਮਿਲਣ ਕਾਰਨ ਮੌਤ ਹੋ ਚੁੱਕੀ ਹੈ। ਭਾਰਤ ‘ਚ ਅੰਗ ਫੇਲ੍ਹ ਹੋਣ ਕਾਰਨ ਹੋਣ ਵਾਲੀਆਂ ਮੌਤਾਂ ਦੇ ਆਂਕੜੇ ਪ੍ਰੇਸ਼ਾਨ ਕਰਨ ਵਾਲੇ ਹਨ। ਅੱਜ ਕਲ੍ਹ ਡਾਕਟਰੀ ਵਿਗਿਆਨ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਜੇਕਰ ਕੋਈ ਅੰਗ ਖਰਾਬ ਹੋ ਜਾਵੇ ਜਾਂ ਠੀਕ ਢੰਗ ਨਾਲ ਕੰਮ ਨਾ ਕਰ ਰਿਹਾ ਹੋਵੇ ਤਾਂ ਉਸ ਨੂੰ ਬਦਲ ਕੇ ਨਵਾਂ ਅੰਗ ਲਾ ਕੇ ਉਸ ਦੀ ਜਾਨ ਬਚਾਈ ਜਾ ਸਕਦੀ ਹੈ। ਸਿਹਤ ਵਿਭਾਗ ਵੱਲੋਂ 19 ਤੋਂ 26 ਨਵੰਬਰ ਤੱਕ ਲੋਕਾਂ ‘ਚ ਅੰਗ ਦਾਨ ਬਾਰੇ ‘ਚ ਜਾਗਰੂਕਤਾ ਫੈਲਾਉਣਾ ਲਈ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।
ਜਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ, ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਅਤੇ ਨੇਹਾ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਗ ਦਾਨ ਦੋ ਤਰ੍ਹਾਂ ਦੇ ਹੁੰਦੇ ਹਨ। ਪਹਿਲਾ ਹੈ ਲਿਵਿੰਗ ਡੋਨਰ ਜਿਸ ‘ਚ ਤੁਸੀਂ ਜਿਉਂਦੇ ਜੀਅ ਆਪਣੇ ਅੰਗਾਂ ਜਿਵੇਂ ਕਿ ਕਿਡਨੀ ਆਦਿ ਦਾਨ ਕਰ ਸਕਦੇ ਹੋ। ਜੀਵਤ ਦਾਨੀ ਦੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ। ਦੂਜਾ ਹੈ ਡੈਸੀਜ਼ਡ ਡੋਨਰ ਜਿਸ ‘ਚ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਤੁਹਾਡੇ ਅੰਗ ਅਤੇ ਟਿਸ਼ੂ ਦਾਨ ਕੀਤੇ ਜਾਣਦੇ ਹਨ, ਜਦੋਂ ਕਿ ਵੱਧ ਤੋਂ ਵੱਧ ਉਮਰ ਵਿਅਕਤੀ ਦੀ ਸਰੀਰਕ ਸਥਿਤੀ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ। ਨਾਲ ਹੀ ਜੇਕਰ ਤੁਸੀਂ ਅੱਖਾਂ ਜਾਂ ਟਿਸ਼ੂ ਦਾਨ ਕਰਨਾ ਚਾਹੁੰਦੇ ਹੋ ਤਾਂ ਇਸ ਦਾ ਉਮਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਸੁਸ਼ਮਾ ਠੱਕਰ, ਜਿਲ੍ਹਾ ਟੀਕਾਕਰਣ ਅਫ਼ਸਰ ਡਾ ਮੀਨਾਕਸ਼ੀ ਅਬਰੋਲ, ਸਕੂਲ਼ ਹੈਲਥ ਮੈਡੀਕਲ ਅਫ਼ਸਰ ਡਾ ਹਰਪ੍ਰੀਤ ਕੌਰ ਅਤੇ ਡਾ ਮਨਮੀਤ ਸਿੰਘ, ਡਾ ਸਮਿੰਦਰ , ਸੁਪਰਡੈਂਟ ਪਰਮਵੀਰ ਮੋਂਗਾ, ਪੀ ਏ ਟੂ ਸਿਵਲ ਸਰਜਨ ਵਿਕਾਸ ਕਾਲੜਾ, ਮੁਖਾ ਕੁਮਾਰ ਅਤੇ ਪੂਜਾ ਹਾਜ਼ਰ ਸਨ।














