ਫ਼ਰੀਦਕੋਟ, 19 ਨਵੰਬਰ 2025 AJ DI Awaaj
Punjab Desk : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਵਰ੍ਹੇ ‘ਤੇ 20 ਨਵੰਬਰ ਦੀ ਸਵੇਰ ਫ਼ਰੀਦਕੋਟ ਤੋਂ ਇੱਕ ਅਲੌਕਿਕ ਤੇ ਇਤਿਹਾਸਕ ਨਗਰ ਕੀਰਤਨ ਰਵਾਨਾ ਹੋਵੇਗਾ। ਇਹ ਪਵਿੱਤਰ ਯਾਤਰਾ ਸਵੇਰੇ 8 ਵਜੇ ਬਾਬਾ ਫ਼ਰੀਦ ਜੀ ਦੇ ਤਪ ਅਸਥਾਨ, ਰਿਆਸਤੀ ਕਿਲ੍ਹਾ ਮੁਬਾਰਕ ਤੋਂ ਆਰੰਭ ਹੋ ਕੇ ਹੁੱਕੀ ਚੌਂਕ, ਘੰਟਾ ਘਰ ਚੌਂਕ, ਸਾਦਿਕ ਚੌਂਕ, ਨਾਨਕਸਰ ਬਸਤੀ, ਪਿੰਡ ਪਿੱਪਲੀ, ਰਾਜੋਵਾਲਾ ਅਤੇ ਗੋਲੇਵਾਲਾ ਰਾਹੀਂ ਫਿਰੋਜ਼ਪੁਰ ਪਹੁੰਚੇਗੀ। ਇਹ ਜਾਣਕਾਰੀ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਦਿੱਤੀ।
ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਯਾਤਰਾ ਦੇ ਹਰ ਪੜਾਅ ‘ਤੇ ਸੰਗਤਾਂ ਵੱਲੋਂ ਕੀਰਤਨ ਦਾ ਸਤਿਕਾਰਯੋਗ ਸਵਾਗਤ ਕਰਨ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਨੂੰ ਸੁਚਾਰੂ, ਸੁਰੱਖਿਅਤ ਅਤੇ ਸ਼ਾਂਤੀਪੂਰਨ ਢੰਗ ਨਾਲ ਅੱਗੇ ਵਧਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਸੁਰੱਖਿਆ ਪ੍ਰਬੰਧ, ਟ੍ਰੈਫ਼ਿਕ ਮੈਨੇਜਮੈਂਟ, ਰੂਟ ਡਾਈਵਰਜ਼ਨ, ਸਫਾਈ ਪ੍ਰਬੰਧ, ਪਾਣੀ ਪ੍ਰਬੰਧ, ਮੈਡੀਕਲ ਪ੍ਰਬੰਧ, ਐਮਰਜੈਂਸੀ ਰਿਸਪਾਂਸ ਟੀਮਾਂ, ਲੰਗਰ ਸੇਵਾਵਾਂ, ਲਾਈਟ ਪ੍ਰਬੰਧ, ਵੋਲੰਟੀਅਰ ਤਾਇਨਾਤੀ ਅਤੇ ਰਸਤੇ ਦੀ ਮੁਰੰਮਤ ਸਮੇਤ ਹਰ ਲਾਜ਼ਮੀ ਤਿਆਰੀ ਪ੍ਰਸ਼ਾਸਨ ਨੇ ਸਮੇਂ ਸਿਰ ਮੁਕੰਮਲ ਕਰ ਦਿੱਤੀ ਹੈ। ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ, ਪੁਲਿਸ ਵਿਭਾਗ, ਮਿਊਂਸਿਪਲ ਕੌਂਸਲ ਅਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਨੇ ਮਿਲਕੇ ਇਸ ਸਮਾਗਮ ਨੂੰ ਨਿਸ਼ਚਿੰਤ ਅਤੇ ਸੁਚਾਰੂ ਬਣਾਉਣ ਲਈ ਪ੍ਰਬੰਧ ਪੂਰੇ ਕੀਤੇ ਹਨ।
ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਡੀ ਗਿਣਤੀ ਵਿੱਚ ਪਰਿਵਾਰ ਸਮੇਤ ਇਸ ਪਵਿੱਤਰ ਯਾਤਰਾ ਵਿੱਚ ਸ਼ਾਮਲ ਹੋਣ ਅਤੇ ਗੁਰੂ ਸਾਹਿਬ ਦੀ ਸ਼ਹੀਦੀ ਦੀ ਮਹਾਨਤਾ ਨੂੰ ਨਮਨ ਕਰਨ।














