ਪੈਟ ਸ਼ੌਪ ਖੋਲ੍ਹਣ ਲਈ ਰਜਿਸਟਰੇਸ਼ਨ ਲਾਜ਼ਮੀ

24

ਸੰਗਰੂਰ, 14 ਨਵੰਬਰ 2025 AJ DI Awaaj

Punjab Desk : ਪੰਜਾਬ ਵਿੱਚ ਬਿਨਾਂ ਰਜਿਸਟਰੇਸ਼ਨ ਦੇ ਪੈਟ ਸ਼ੌਪ ਅਤੇ ਡਾਗ ਬ੍ਰੀਡਿੰਗ ਸੈਂਟਰਾਂ ਚਲਾਉਣ ਵਾਲਿਆਂ ’ਤੇ ਪਸ਼ੂ ਪਾਲਣ ਵਿਭਾਗ ਵੱਲੋਂ ਸਖ਼ਤੀ ਕੀਤੀ ਜਾਵੇਗੀ। ਇਸ ਸਬੰਧੀ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸੰਗਰੂਰ ਡਾ. ਸੁਖਵਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਭੰਡਾਰੀ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਡਾਗ ਬ੍ਰੀਡਿੰਗ ਐਂਡ ਮਾਰਕੀਟਿੰਗ ਰੂਲਜ਼ 2017 ਅਤੇ ਪੈਟ ਸ਼ੌਪਸ ਰੂਲਜ਼ 2018 ਨੂੰ ਸਖ਼ਤ ਨਾਲ ਲਾਗੂ ਕੀਤਾ ਜਾ ਰਿਹਾ ਹੈ।

ਉਹਨਾਂ ਦੱਸਿਆ ਕਿ ਹੁਣ ਪੰਜਾਬ ਵਿੱਚ ਖ਼ਤਰਨਾਕ ਨਸਲ ਦੇ ਕੁੱਤਿਆਂ ਦੀ ਬ੍ਰੀਡਿੰਗ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕੋਈ ਵੀ ਵਿਅਕਤੀ ਜੋ ਕੁੱਤਿਆਂ, ਬਿੱਲੀਆਂ ਜਾਂ ਹੋਰ ਪਾਲਤੂ ਜਾਨਵਰਾਂ ਦੀ ਬ੍ਰੀਡਿੰਗ ਜਾਂ ਖ਼ਰੀਦ-ਵਿੱਕਰੀ ਦਾ ਕੰਮ ਕਰਦਾ ਹੈ, ਉਸ ਲਈ ਪਸ਼ੂ ਭਲਾਈ ਬੋਰਡ ਕੋਲ ਰਜਿਸਟਰੇਸ਼ਨ ਕਰਵਾਉਣਾ ਲਾਜ਼ਮੀ ਹੈ। ਬਿਨਾਂ ਰਜਿਸਟਰੇਸ਼ਨ ਇਹ ਕਾਰੋਬਾਰ ਕਰਨਾ ਕਾਨੂੰਨੀ ਤੌਰ ’ਤੇ ਉਲੰਘਣਾ ਮੰਨੀ ਜਾਵੇਗੀ ਅਤੇ ਇਸ ਦੀ ਸੂਰਤ ਵਿੱਚ ਜੁਰਮਾਨਾ, ਸਜ਼ਾ ਜਾਂ ਦੋਵੇਂ ਹੀ ਹੋ ਸਕਦੇ ਹਨ।

ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਕਈ ਖ਼ਤਰਨਾਕ ਨਸਲਾਂ ਦੇ ਮੱਦੇਨਜ਼ਰ ਇਹ ਫ਼ੈਸਲਾ ਬਹੁਤ ਜ਼ਰੂਰੀ ਸੀ ਤਾਂ ਜੋ ਜਨਤਕ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਉਹਨਾਂ ਕਿਹਾ ਕਿ ਇਹ ਨਿਯਮ ਨਾ ਸਿਰਫ਼ ਜਾਨਵਰਾਂ ਦੀ ਭਲਾਈ ਲਈ ਬਣਾਏ ਗਏ ਹਨ, ਸਗੋਂ ਮਨੁੱਖੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਵੀ ਇਹਨਾਂ ਦੀ ਪਾਲਣਾ ਕਰਨੀ ਅਤਿ ਜ਼ਰੂਰੀ ਹੈ।

ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਇਹ ਨਿਯਮਾਂ ਦੀ ਠੀਕ ਤਰੀਕੇ ਨਾਲ ਪਾਲਣਾ ਕਰਵਾਉਣ ਲਈ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ਵੱਲੋਂ ਨਿਯਮਿਤ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਪੈਟ ਸ਼ੌਪ ਤੇ ਡਾਗ ਬ੍ਰੀਡਿੰਗ ਸੈਂਟਰਾਂ ਦੀ ਜਾਂਚ ਕੀਤੀ ਜਾਵੇਗੀ। ਜਿੱਥੇ ਵੀ ਉਲੰਘਣਾ ਮਿਲੇਗੀ ਉੱਥੇ ਤੁਰੰਤ ਕਾਰਵਾਈ ਕੀਤੀ ਜਾਵੇਗੀ।

ਉਹਨਾਂ ਪੈਟ ਸ਼ੌਪ ਅਤੇ ਡਾਗ ਬ੍ਰੀਡਿੰਗ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੇ ਵਿਅਕਤੀ ਕਾਨੂੰਨੀ ਤਰੀਕੇ ਨਾਲ ਇਹ ਕੰਮ ਕਰਨਾ ਚਾਹੁੰਦੇ ਹਨ, ਉਹ ਤੁਰੰਤ ਰਜਿਸਟਰੇਸ਼ਨ ਕਰਵਾਉਣ। ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਵਿਭਾਗ ਦਾ ਟੀਚਾ ਪਸ਼ੂਆਂ ਦੀ ਸੁਰੱਖਿਆ, ਲੋਕਾਂ ਦੀ ਸੁਰੱਖਿਆ ਅਤੇ ਪਾਰਦਰਸ਼ੀ ਕਾਰੋਬਾਰੀ ਪ੍ਰਣਾਲੀ ਨੂੰ ਯਕੀਨੀ ਬਣਾਉਣਾ ਹੈ। ਉਹਨਾਂ ਉਮੀਦ ਜਤਾਈ ਕਿ ਪੈਟ ਸ਼ੌਪ ਮਾਲਕ ਅਤੇ ਡਾਗ ਬ੍ਰੀਡਰ ਨਿਯਮਾਂ ਦੀ ਪੂਰੀ ਪਾਲਣਾ ਕਰਦੇ ਹੋਏ ਵਿਭਾਗ ਨਾਲ ਸਹਿਯੋਗ ਕਰਨਗੇ।