ਸ੍ਰੀ ਮੁਕਤਸਰ ਸਾਹਿਬ, 14 ਨਵੰਬਰ 2025 AJ DI Awaaj
Punjab Desk : ਪੰਜਾਬ ਦੇ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਹਲਕਾ ਮਲੋਟ ਦੇ ਪਿੰਡ ਰਾਮਨਗਰ ਵਿਖੇ ਡੀ.ਆਰ.ਪੀ ਬੋਰਡ ਵੱਲੋਂ ਕਰਵਾਏ ਕੁੱਤਿਆਂ ਦੀਆਂ ਦੌੜਾਂ ਖੇਡ ਮੇਲੇ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਕੁੱਤਿਆਂ ਦੀ ਦੌੜ ਸਾਡੀ ਵਿਰਾਸਤੀ ਖੇਡ ਹੈ। ਉਨ੍ਹਾਂ ਕਿਹਾ ਕਿ ਕੁੱਤਿਆਂ ਨੂੰ ਨੌਜਵਾਨ ਸ਼ੌਂਕ ਨਾਲ ਪਾਲ ਰਹੇ ਹਨ ਅਤੇ ਇਹ ਸਾਡੇ ਵਫਾਦਾਰ ਸਾਥੀ ਹਨ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਕੁੱਤਿਆਂ ਦੀ ਦੌੜ ਤੋਂ ਇਲਾਵਾ ਘੋੜਿਆਂ ਦੀ ਦੌੜ, ਬੈਲ ਗੱਡੀਆਂ ਦੀ ਦੌੜ, ਕਬੂਤਰਬਾਜੀ ਆਦਿ ਸਾਡੇ ਪੁਰਾਤਣ ਖੇਡ ਹਨ, ਸਾਨੂੰ ਇਹਨਾਂ ਖੇਡਾਂ ਨੂੰ ਸਾਂਭ ਕੇ ਰੱਖਣ ਦੀ ਲੋੜ ਹੈ।
ਉਨ੍ਹਾਂ ਦੱਸਿਆ ਕਿ ਇਹਨਾਂ ਦੌੜਾਂ ਤੋਂ ਪਹਿਲਾਂ ਪਸ਼ੂ ਪਾਲਣ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੀ ਵੈਟਰਨਰੀ ਡਾਕਟਰਾਂ ਦੀ ਟੀਮਾਂ ਵਲੋਂ ਦੌੜ ਵਿੱਚ ਹਿੱਸਾ ਲੈਣ ਵਾਲੇ 49 ਕੁੱਤਿਆਂ ਦਾ ਹੈਲਥ ਚੈਕਅੱਪ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੁੱਤਿਆਂ ਦੀਆਂ ਦੌੜਾਂ ਸਬੰਧੀ ਬਣੀਆਂ ਗਾਈਡਲਾਈਨਜ਼ ਦਾ ਪੂਰਾ ਪਾਲਣ ਕੀਤਾ ਗਿਆ।
ਇਸ ਦੌੜ ਮੁਕਾਬਲੇ ਵਿੱਚ ਰਾਣਾ ਜੈਲਦਾਰ ਰਾਮਨਗਰ ਦੇ ਕੁੱਤੇ ਨੇ ਪਹਿਲਾ ਸਥਾਨ, ਬੌਬੀ ਸਿੱਧੂ ਦੇ ਕੁੱਤੇ ਨੇ ਦੂਜਾ ਸਥਾਨ ਅਤੇ ਸ਼ਹਿਦ ਖਾਨ ਮਲੇਰਕੋਟਲਾ ਦੇ ਕੁੱਤੇ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਜੇਤੂਆਂ ਨੂੰ ਨਗਦ ਇਨਾਮ ਅਤੇ ਟ੍ਰੋਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਕੈਬਨਿਟ ਮੰਤਰੀ ਨੇ ਇਸ ਮੌਕੇ ਰਾਮਨਗਰ ਪਿੰਡ ਅਤੇ ਡੀ.ਆਰ.ਪੀ ਬੋਰਡ ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ।
ਇਸ ਮੌਕੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਗੁਰਦਿੱਤ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਜਗਸੀਰ ਸਿੰਘ, ਬਲਾਕ ਪ੍ਰਧਾਨ ਗੁਰਭਗਤ ਸਿੰਘ, ਸਰਪੰਚ ਪਰਮਜੀਤ ਸਿੰਘ ਭਾਗਸਰ, ਰਵਿੰਦਰਜੀਤ ਸਿੰਘ ਚੋਹਲਾ ਸਾਹਿਬ, ਰੋਬਿਨ ਸਾਧੂ ਵਾਲਾ, ਨਿੰਮਾ ਭੁੱਲਰ ਤੋਂ ਇਲਾਵਾ ਪਿੰਡ ਰਾਮਨਗਰ ਦੀ ਪੰਚਾਇਤ ਅਤੇ ਪਤਵੰਤੇ ਹਾਜ਼ਰ ਸਨ।












