ਸਰੀਰਕ ਸ਼ੋਸ਼ਣ ਮਾਮਲੇ ’ਚ ਨਾਮਜ਼ਦ ਵਿਧਾਇਕ ਪਠਾਣਮਾਜਰਾ ਦੀ ਕੋਠੀ ’ਤੇ ਇੱਕ ਵਾਰ ਫਿਰ ਨੋਟਿਸ ਚਿਪਕਾਇਆ ਗਿਆ ਹੈ। ਅਦਾਲਤ ਵੱਲੋਂ ਉਨ੍ਹਾਂ ਨੂੰ 12 ਤਾਰੀਖ ਨੂੰ ਹਾਜ਼ਰ ਹੋਣ ਦੇ ਹੁਕਮ ਜਾਰੀ ਕੀਤੇ ਗਏ ਹਨ।

18

7November 2025 Aj Di Awaaj

Punjab Desk ਸਰੀਰਕ ਸੋਸ਼ਣ ਮਾਮਲੇ ਵਿੱਚ ਨਾਮਜ਼ਦ ਸਨੌਰ ਹਲਕੇ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਅਦਾਲਤ ਵੱਲੋਂ 12 ਨਵੰਬਰ ਨੂੰ ਹਾਜ਼ਰ ਹੋਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਸਬੰਧੀ ਉਨ੍ਹਾਂ ਦੀ ਪਟਿਆਲਾ ਸਥਿਤ ਸਰਕਾਰੀ ਰਿਹਾਇਸ਼ ਦੇ ਬਾਹਰ ਨੋਟਿਸ ਚਿਪਕਾਇਆ ਗਿਆ ਹੈ। ਨੋਟਿਸ ਅਨੁਸਾਰ, ਵਿਧਾਇਕ ਨੂੰ 12 ਨਵੰਬਰ ਨੂੰ ਅਦਾਲਤ ’ਚ ਪੇਸ਼ ਹੋਣਾ ਹੋਵੇਗਾ, ਜਦਕਿ 20 ਦਸੰਬਰ ਤੋਂ ਇਸ ਮਾਮਲੇ ’ਚ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

ਵਿਧਾਇਕ ਦੇ ਵਕੀਲ ਸਿਮਰਨਜੀਤ ਸਿੰਘ ਸੱਗੂ ਨੇ ਦੱਸਿਆ ਕਿ ਜਾਰੀ ਕੀਤਾ ਗਿਆ ਨੋਟਿਸ ਅਦਾਲਤੀ ਪ੍ਰਕਿਰਿਆ ਦਾ ਹੀ ਇੱਕ ਹਿੱਸਾ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਜ਼ਮਾਨਤ ਅਰਜ਼ੀ ਜਲਦੀ ਹੀ ਹਾਈਕੋਰਟ ਵਿੱਚ ਸੁਣਵਾਈ ਲਈ ਲੱਗਣੀ ਹੈ, ਤੇ ਇਹ ਮਾਮਲਾ ਉਸੇ ਅਧੀਨ ਆ ਜਾਵੇਗਾ। ਵਿਧਾਇਕ ਦੀ ਸਰਕਾਰੀ ਰਿਹਾਇਸ਼ ਖਾਲੀ ਕਰਵਾਉਣ ਸਬੰਧੀ ਮਾਮਲੇ ਬਾਰੇ ਵਕੀਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਦਾਲਤ ਤੱਕ ਪਹੁੰਚ ਕੀਤੀ ਗਈ ਸੀ। ਸਰਕਾਰ ਨੇ ਇਹ ਪ੍ਰਕਿਰਿਆ ਐੱਸਡੀਐੱਮ ਦੀ ਅਦਾਲਤ ਵਿੱਚ ਸ਼ੁਰੂ ਕੀਤੀ ਸੀ, ਪਰ ਸਰਕਾਰੀ ਪੱਖੋਂ ਲੋੜੀਂਦੇ ਕਾਗਜ਼ ਪੇਸ਼ ਨਾ ਕਰਨ ਕਾਰਨ ਮਾਮਲਾ ਅਜੇ ਵੀ ਪੈਂਡਿੰਗ ਹੈ।

ਜ਼ਿਕਰਯੋਗ ਹੈ ਕਿ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਖ਼ਿਲਾਫ਼ 1 ਸਤੰਬਰ ਨੂੰ ਪਟਿਆਲਾ ਦੇ ਥਾਣਾ ਸਿਵਲ ਲਾਈਨ ਵਿੱਚ ਸਰੀਰਕ ਸੋਸ਼ਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਹਰਿਆਣਾ ਦੇ ਪਿੰਡ ਡਬਰੀ ਵਿੱਚ ਗ੍ਰਿਫ਼ਤਾਰੀ ਦੌਰਾਨ ਉਹ ਪੁਲਿਸ ਹਿਰਾਸਤ ਵਿਚੋਂ ਫ਼ਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਉਹ ਅਜੇ ਤੱਕ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ।