6November 2025 Aj Di Awaaj
International Desk ਫਿਲਪੀਨ ਵਿੱਚ ਤੂਫ਼ਾਨ ਕਾਲਮੇਗੀ ਕਾਰਨ 85 ਲੋਕਾਂ ਦੀ ਮੌ*ਤ ਹੋ ਗਈ ਹੈ, ਜਦਕਿ 75 ਹੋਰ ਲਾਪਤਾ ਹਨ। ਤੂਫ਼ਾਨ ਨਾਲ ਆਈ ਭਾਰੀ ਵਰਖਾ ਕਾਰਨ ਕਈ ਇਲਾਕਿਆਂ ਵਿੱਚ ਹੜ੍ਹ ਆ ਗਿਆ ਹੈ। ਲੋਕ ਛੱਤਾਂ ’ਤੇ ਫਸੇ ਹੋਏ ਹਨ ਤੇ ਕਈ ਵਾਹਨ ਪਾਣੀ ਦੇ ਰੁੜ੍ਹ ਵਿੱਚ ਵਹਿ ਗਏ ਹਨ। ਇਹ ਆਫ਼ਤ ਉਸ ਵੇਲੇ ਆਈ ਹੈ ਜਦੋਂ ਫਿਲਪੀਨ ਪਹਿਲਾਂ ਹੀ ਇਕ ਭਿਆਨਕ ਭੂਚਾਲ ਦੀ ਤਬਾਹੀ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੌਰਾਨ, ਮੰਗਲਵਾਰ ਨੂੰ ਦੱਖਣੀ ਸੂਬੇ ਅਗੁਸਨ ਡੇਲ ਸੁਰ ਵਿੱਚ ਫਿਲਪੀਨ ਹਵਾਈ ਫੌਜ ਦਾ ਇਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਚਾਲਕ ਟੀਮ ਤੂਫ਼ਾਨ ਕਾਲਮੇਗੀ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਜਾਂ ਲਈ ਜਾ ਰਹੀ ਸੀ।
ਫਿਲਪੀਨ ਵਿੱਚ ਤੂਫ਼ਾਨ ਕਾਲਮੇਗੀ ਦੌਰਾਨ ਹਵਾ ਦੀ ਰਫ਼ਤਾਰ 130 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਗਈ। ਅਧਿਕਾਰੀਆਂ ਨੇ ਦੱਸਿਆ ਕਿ ਤੂਫ਼ਾਨ ਦੇ ਕੰਢੇ ’ਤੇ ਪਹੁੰਚਣ ਤੋਂ ਪਹਿਲਾਂ ਹੀ 3.87 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜ ਦਿੱਤਾ ਗਿਆ ਸੀ। ਫੇਰੀਆਂ ਅਤੇ ਮੱਛੀ ਫੜਨ ਵਾਲੀਆਂ ਬੇੜੀਆਂ ਨੂੰ ਸਮੁੰਦਰ ’ਚ ਜਾਣ ਤੋਂ ਰੋਕ ਦਿੱਤਾ ਗਿਆ ਸੀ, ਜਦਕਿ 186 ਘਰੇਲੂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ।
ਫਿਲਪੀਨ ਹਰ ਸਾਲ ਲਗਭਗ 20 ਤੂਫ਼ਾਨਾਂ ਦਾ ਸਾਹਮਣਾ ਕਰਦਾ ਹੈ। ਇਸ ਵੇਲੇ ਕਾਲਮੇਗੀ ਵੀਅਤਨਾਮ ਅਤੇ ਥਾਈਲੈਂਡ ਵੱਲ ਵੱਧ ਰਿਹਾ ਹੈ। ਮੱਧ ਵੀਅਤਨਾਮ ਵਿੱਚ ਇਸ ਤੂਫ਼ਾਨ ਕਾਰਨ ਤੇਜ਼ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ।
ਥਾਈਲੈਂਡ ਦੀ ਮੌਸਮ ਵਿਭਾਗ ਨੇ ਦੇਸ਼ ਦੇ ਉੱਤਰੀ, ਪੂਰਬੀ ਤੇ ਮੱਧ ਇਲਾਕਿਆਂ ਲਈ ਚੇਤਾਵਨੀ ਜਾਰੀ ਕੀਤੀ ਹੈ। ਅਨੁਮਾਨ ਹੈ ਕਿ ਸ਼ੁੱਕਰਵਾਰ ਅਤੇ ਹਫ਼ਤੇ ਦੇ ਅੰਤ ਵਿੱਚ ਭਾਰੀ ਵਰਖਾ ਹੋ ਸਕਦੀ ਹੈ, ਜਿਸ ਕਾਰਨ ਹੜ੍ਹ ਅਤੇ ਭੂ-ਸਖਲਨ (ਜ਼ਮੀਨ ਖਿਸਕਣ) ਦਾ ਖ਼ਤਰਾ ਬਣਿਆ ਰਹੇਗਾ।














