6November 2025 Aj Di Awaaj
Punjab Desk ਬਾਰਡਰ ਖੇਤਰ ਦੇ ਪਿੰਡਾਂ ਦੇ ਨੌਜਵਾਨ ਲੜਕਿਆਂ ਤੇ ਲੜਕੀਆਂ ਨੂੰ ਸਿੱਖਿਆ ਪ੍ਰਦਾਨ ਕਰ ਰਿਹਾ ਸ਼ਹੀਦ ਲੱਛਮਣ ਸਿੰਘ ਧਾਰੋਵਾਲੀ ਯੂਨੀਵਰਸਿਟੀ ਕਾਲਜ ਅਜੇ ਤੱਕ ਪੂਰੀ ਤਰ੍ਹਾਂ ਤਿਆਰ ਨਹੀਂ ਹੋ ਸਕਿਆ। ਇਸ ਕਾਲਜ ਦਾ ਨੀਂਹ ਪੱਥਰ ਅਕਾਲੀ-ਭਾਜਪਾ ਸਰਕਾਰ ਦੌਰਾਨ 13 ਦਸੰਬਰ 2016 ਨੂੰ ਰੱਖਿਆ ਗਿਆ ਸੀ ਅਤੇ ਬਾਅਦ ਵਿੱਚ ਕਾਂਗਰਸ ਸਰਕਾਰ ਨੇ 10 ਮਈ 2018 ਨੂੰ ਲਗਭਗ ਪੌਣੇ 12 ਕਰੋੜ ਰੁਪਏ ਦੀ ਲਾਗਤ ਨਾਲ ਇਸ ਦਾ ਨਿਰਮਾਣ ਕੰਮ ਸ਼ੁਰੂ ਕਰਵਾਇਆ ਸੀ।
ਇਸ ਸਮੇਂ ਇਸ ਕਾਲਜ ਵਿੱਚ ਲਗਭਗ 600 ਵਿਦਿਆਰਥੀ ਪੜ੍ਹ ਰਹੇ ਹਨ। ਕਾਂਗਰਸ ਸਰਕਾਰ ਦੌਰਾਨ ਇਸ ਸਰਕਾਰੀ ਡਿਗਰੀ ਕਾਲਜ ਦਾ ਨਾਂ ਬਦਲ ਕੇ “ਸ਼ਹੀਦ ਲੱਛਮਣ ਸਿੰਘ ਧਾਰੋਵਾਲੀ ਯੂਨੀਵਰਸਿਟੀ ਕਾਲਜ ਕਲਾਨੌਰ” ਰੱਖਿਆ ਗਿਆ ਸੀ ਅਤੇ 5 ਦਸੰਬਰ 2021 ਨੂੰ ਉਸ ਸਮੇਂ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਇਸ ਦੀ ਇਮਾਰਤ ਦਾ ਉਦਘਾਟਨ ਵੀ ਕੀਤਾ ਗਿਆ ਸੀ।
ਅਫ਼ਸੋਸ ਦੀ ਗੱਲ ਹੈ ਕਿ ਤਿੰਨ ਸਰਕਾਰਾਂ ਦੇ ਕਾਰਜਕਾਲ ਬੀਤ ਜਾਣ ਦੇ ਬਾਵਜੂਦ ਵੀ ਇਸ ਕਾਲਜ ਦਾ ਨਿਰਮਾਣ ਅਜੇ ਤੱਕ ਮੁਕੰਮਲ ਨਹੀਂ ਹੋਇਆ। ਪ੍ਰਾਪਤ ਜਾਣਕਾਰੀ ਮੁਤਾਬਕ, ਗੁਰਦਾਸਪੁਰ ਜ਼ਿਲ੍ਹੇ ਦੇ ਇਤਿਹਾਸਕ ਕਸਬੇ ਕਲਾਨੌਰ ਦੇ ਅਦਾਲਤਪੁਰ ਰੋਡ ’ਤੇ ਲਗਭਗ 1173.67 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਇਹ ਸਰਕਾਰੀ ਡਿਗਰੀ ਕਾਲਜ, ਜਿਸ ਦਾ ਨਾਂ 2021 ਵਿੱਚ ਸ਼ਹੀਦ ਲੱਛਮਣ ਸਿੰਘ ਧਾਰੋਵਾਲੀ ਯੂਨੀਵਰਸਿਟੀ ਕਾਲਜ ਰੱਖਿਆ ਗਿਆ ਸੀ, ਅਜੇ ਵੀ ਪੂਰੀ ਤਰ੍ਹਾਂ ਕਾਰਗਰ ਨਹੀਂ ਹੋ ਸਕਿਆ। 2021–22 ਦਾ ਸੈਸ਼ਨ ਸ਼ੁਰੂ ਹੋਣ ਦੇ ਬਾਵਜੂਦ ਵੀ ਵਿਦਿਆਰਥੀਆਂ ਨੂੰ ਬੁਨਿਆਦੀ ਸਹੂਲਤਾਂ ਅਜੇ ਤੱਕ ਪ੍ਰਾਪਤ ਨਹੀਂ ਹੋਈਆਂ।














