ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ

11

4November 2025 Aj Di Awaaj

Punjab Desk ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਦਰਬਾਰ ਸਾਹਿਬ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।

ਨਗਰ ਕੀਰਤਨ ਸ੍ਰੀ ਦਰਬਾਰ ਸਾਹਿਬ ਦੇ ਨਾਕਾ ਨੰਬਰ 7 ਤੋਂ ਸਵੇਰੇ 9:30 ਵਜੇ ਸ਼ੁਰੂ ਹੋਇਆ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੁਖ ਗ੍ਰੰਥੀ ਗਿਆਨੀ ਜਗਬੀਰ ਸਿੰਘ ਨੇ ਨਗਰ ਕੀਰਤਨ ਦੀ ਸ਼ੁਰੂਆਤ ਕਰਦੇ ਹੋਏ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਨਗਰ ਕੀਰਤਨ ਦਾ ਗੁਰਮੱਤ ਮਾਰਗ ਨਾਕਾ ਨੰਬਰ 7 ਤੋਂ ਸ਼ੁਰੂ ਹੋ ਕੇ ਜਗਮੀਤ ਬਰਾੜ ਵਾਲੀ ਗਲੀ, ਸ਼ੇਰ ਸਿੰਘ ਚੌਂਕ, ਬੈਂਕ ਰੋਡ, ਰੇਲਵੇ ਰੋਡ, ਕੋਟਕਪੂਰਾ ਚੌਂਕ, ਕੋਟਕਪੂਰਾ ਰੋਡ, ਗਲੀ ਨੰਬਰ 8, ਗੁਰੂ ਅੰਗਦ ਦੇਵ ਨਗਰ, ਥਾਂਦੇਵਾਲਾ ਰੋਡ, ਖਾਲਸਾ ਸਕੂਲ ਰੋਡ, ਅਜੀਤ ਸਿਨੇਮਾ, ਮੰਗੇ ਦਾ ਪੰਪ ਅਤੇ ਅਕਾਲ ਅਕੈਡਮੀ ਤੋਂ ਹੁੰਦਾ ਹੋਇਆ ਗੇਟ ਨੰਬਰ 7 ‘ਤੇ ਸਮਾਪਤ ਹੋਇਆ।

ਸ਼ਹਿਰ ਦੀ ਸੰਗਤ ਨੇ ਵੱਡੀ ਸ਼ਰਧਾ ਅਤੇ ਚਾਓ ਨਾਲ ਨਗਰ ਕੀਰਤਨ ਵਿੱਚ ਭਾਗ ਲਿਆ ਤੇ ਸੁੰਦਰ ਪਾਲਕੀ ਵਿੱਚ ਸਜਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਅਸ਼ੀਰਵਾਦ ਪ੍ਰਾਪਤ ਕੀਤਾ। ਸੰਗਤ ਵੱਲੋਂ ਨਗਰ ਕੀਰਤਨ ਦੇ ਮਾਰਗ ‘ਤੇ ਜਗ੍ਹਾ-ਜਗ੍ਹਾ ਲੰਗਰ ਤੇ ਛਕਾਵੇ ਲਗਾਏ ਗਏ ਸਨ ਅਤੇ ਪੰਜ ਪਿਆਰਿਆਂ ਉੱਤੇ ਫੁੱਲਾਂ ਦੀ ਵਰਖਾ ਕੀਤੀ ਗਈ।

ਗੁਰਦੁਆਰਾ ਗੁਰੂ ਕਾ ਖੂਹ ਸਾਹਿਬ ਪਾਤਸ਼ਾਹੀ ਦਸਵੀਂ ਦੀ ਗੱਤਕਾ ਟੀਮ ਵੱਲੋਂ ਦਮਦਾਰ ਗੱਤਕੇ ਦੇ ਜੌਹਰ ਦਿਖਾਏ ਗਏ, ਜਦਕਿ ਰਾਗੀ ਜੱਥਿਆਂ ਨੇ ਮਨਮੋਹਕ ਕੀਰਤਨ ਰਾਹੀਂ ਸੰਗਤ ਨੂੰ ਰੂਹਾਨੀ ਰਸ ਨਾਲ ਭਰ ਦਿੱਤਾ। ਅਕਾਲ ਅਕੈਡਮੀ ਦੇ ਬੱਚਿਆਂ ਨੇ ਵੀ ਸ਼ਬਦ ਕੀਰਤਨ ਕੀਤਾ ਅਤੇ ਗੱਤਕੇ ਦੇ ਪ੍ਰਦਰਸ਼ਨ ਨਾਲ ਸਭ ਦਾ ਮਨ ਮੋਹ ਲਿਆ। ਫੌਜੀ ਬੈਂਡ ਵੱਲੋਂ ਵਾਜਿਆਂ ਦੀਆਂ ਧੁਨਾਂ ਨਾਲ ਸਮਾਗਮ ਦਾ ਮਾਹੌਲ ਹੋਰ ਵੀ ਰੂਹਾਨੀ ਬਣਾਇਆ ਗਿਆ। ਬੀਬੀਆਂ ਦੀ ਸੰਗਤ ਨੇ ਵੀ ਪੂਰੇ ਚਾਓ ਨਾਲ ਸੇਵਾ ਨਿਭਾਈ।

ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨਿਰਮਲਜੀਤ ਸਿੰਘ ਨੇ ਸੰਗਤ ਨੂੰ ਗੁਰਪੁਰਬ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਦੱਸਿਆ ਕਿ 3 ਨਵੰਬਰ ਨੂੰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਸ਼ੁਰੂ ਹੋਏ ਸਨ, ਜਿਨ੍ਹਾਂ ਦੇ ਭੋਗ 5 ਨਵੰਬਰ ਨੂੰ ਸਵੇਰੇ 9:30 ਵਜੇ ਪਾਏ ਜਾਣਗੇ। ਇਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਵਿੱਚ ਕੀਰਤਨ ਸਮਾਗਮ ਹੋਵੇਗਾ, ਜਿਸ ਵਿੱਚ ਪ੍ਰਸਿੱਧ ਰਾਗੀ ਜੱਥੇ ਸੰਗਤ ਨੂੰ ਕੀਰਤਨ ਸਰਵਣ ਕਰਵਾਉਣਗੇ। ਉਸੇ ਦਿਨ ਦੁਪਹਿਰ 12 ਵਜੇ ਗੁਰਦੁਆਰਾ ਤੰਬੂ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋਵੇਗਾ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਸੁੰਦਰ ਦੀਪਮਾਲਾ ਦੀ ਰੌਸ਼ਨੀ ਨਾਲ ਗੁਰਪੁਰਬ ਮਨਾਇਆ ਜਾਵੇਗਾ।

ਮੈਨੇਜਰ ਨਿਰਮਲਜੀਤ ਸਿੰਘ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਗੁਰਪੁਰਬ ਸਬੰਧੀ ਹੋ ਰਹੇ ਸਮੂਹ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ। ਇਸ ਮੌਕੇ ਜਥੇਦਾਰ ਸਰੂਪ ਸਿੰਘ ਨੰਦਗੜ੍ਹ, ਮੀਤ ਮੈਨੇਜਰ ਸੁਖਦੇਵ ਸਿੰਘ, ਹੈਡ ਗ੍ਰੰਥੀ ਗਿਆਨੀ ਜਗਬੀਰ ਸਿੰਘ, ਅਕਾਊਂਟੈਂਟ ਕੁਲਵੰਤ ਸਿੰਘ, ਰਿਕਾਰਡ ਕੀਪਰ ਪਰਮਜੀਤ ਸਿੰਘ, ਭਾਈ ਬਗੀਚਾ ਸਿੰਘ, ਸਾਬਕਾ ਮੈਨੇਜਰ ਬਲਦੇਵ ਸਿੰਘ ਤੇ ਸ੍ਰੀ ਦਰਬਾਰ ਸਾਹਿਬ ਦੇ ਹੋਰ ਮੁਲਾਜ਼ਮ, ਸੇਵਾਦਾਰ ਅਤੇ ਇਲਾਕੇ ਦੀ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।