ਬਰਨਾਲਾ, 4 ਨਵੰਬਰ 2025 AJ DI Awaaj
Punjab Desk : ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਅਤੇ ਐੱਸ ਐੱਸ ਪੀ ਬਰਨਾਲਾ ਸ੍ਰੀ ਸਰਫ਼ਰਾਜ਼ ਆਲਮ ਨੇ ਅੱਜ ਪਰਾਲੀ ਪ੍ਰਬੰਧਨ ‘ਚ ਤਾਇਨਾਤ ਸਿਵਲ ਅਤੇ ਪੁਲਸ ਟੀਮਾਂ ਦੇ ਕੰਮਾਂ ਸਬੰਧੀ ਸਮੀਖਿਆ ਬੈਠਕ ਕੀਤੀ।
ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਨੇ ਕਿਹਾ ਕਿ ਕਿਸੇ ਵੀ ਹਾਲ ‘ਚ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦਿੱਤੀ ਜਾਵੇ ਅਤੇ ਕਿਸਾਨਾਂ ਨੂੰ ਪਰਾਲੀ ਦਾ ਖੇਤਾਂ ਵਿੱਚ ਹੀ ਪ੍ਰਬੰਧਨ ਕਰਨ ਲਈ ਪ੍ਰੇਰਿਆ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ‘ਚ ਕਈ ਸੂਝਵਾਨ ਅਤੇ ਅਗਾਂਹਵਧੂ ਕਿਸਾਨ ਹਨ ਜਿਹੜੇ ਪਿਛਲੇ ਕਈ ਸਾਲਾਂ ਤੋਂ ਪਰਾਲੀ ਨੂੰ ਸਿੱਧਾ ਖੇਤਾਂ ਵਿਚ ਵਾਹ ਕੇ ਉਸ ਨੂੰ ਖਾਦ ਦੇ ਰੂਪ ‘ਚ ਵਰਤੋਂ ਵਿੱਚ ਲਿਆਂਦੇ ਹਨ। ਵਾਤਾਵਰਨ ਮਿੱਤਰ ਇਹ ਕਿਸਾਨ ਨਾ ਕੇਵਲ ਕੁਦਰਤ ਨੂੰ ਸੰਜੋਕੇ ਰੱਖਦੇ ਹਨ ਬਲਕਿ ਉਹ ਨਾਲ ਮਿੱਟੀ ਦੀ ਉਪਜਾਉ ਸ਼ਕਤੀ ‘ਚ ਵੀ ਵਾਧਾ ਕਰਦੇ ਹਨ।
ਡਿਪਟੀ ਕਮਿਸ਼ਨਰ ਨੇ ਦਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰੀਬ 100 ਬੇਲਰ ਮਾਲਕਾਂ ਨਾਲ ਕਿਸਨਾਂ ਦੀ ਸਾਂਝ ਪਵਾਈ ਹੈ ਤਾਂ ਜੋ ਕਿਸਾਨ ਵੀਰਾਂ ਨੂੰ ਪਰਾਲੀ ਦੀਆਂ ਗੱਠਾਂ ਬਣਵਾਉਣ ਲਈ ਬਾਹਰਲੇ ਲੋਕਾਂ ਉੱਤੇ ਨਾ ਨਿਰਭਰ ਹੋਣਾ ਪਵੇ। ਉਨ੍ਹਾਂ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਤਾਲੇ ਮੇਲ ਰੱਖਣ।
ਐੱਸ ਐੱਸ ਪੀ ਸ਼੍ਰੀ ਸਰਫ਼ਰਾਜ਼ ਆਲਮ ਨੇ ਪੁਲਸ ਟੀਮਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸਿਵਲ ਅਫ਼ਸਰਾਂ ਅਤੇ ਕਰਮਚਾਰੀਆਂ ਨਾਲ ਖੇਤਾਂ ‘ਚ ਆਪਣੀ ਗਸ਼ਤ ਜਾਰੀ ਰੱਖਣ। ਉਨ੍ਹਾਂ ਕਿਹਾ ਕਿ ਜੇ ਕਰ ਕਿਸੇ ਥਾਂ ਉੱਤੇ ਅੱਗ ਲੱਗੀ ਮਿਲਦੀ ਹੈ ਤਾਂ ਪਹਿਲਾਂ ਉਸ ਨੂੰ ਬੁਝਾਉਣ ਦਾ ਕੰਮ ਕੀਤਾ ਜਾਵੇ ਅਤੇ ਫੇਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਅਨੁਪ੍ਰਿਤਾ ਜੌਹਲ, ਸਾਰੇ ਪਰਾਲੀ ਅਫਸਰਾਂ ਅਤੇ ਕਰਮਚਾਰੀ ਵੀ ਹਾਜ਼ਰ ਸਨ।












