ਹੁਸ਼ਿਆਰਪੁਰ, 27 ਅਕਤੂਬਰ 2025 AJ DI Awaaj
Punjab Desk : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵੱਲੋਂ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 13 ਦਸੰਬਰ, 2025 ਨੂੰ ਜ਼ਿਲ੍ਹਾ ਪੱਧਰ ਅਤੇ ਸਬ ਡਵੀਜ਼ਨ ਪੱਧਰ ‘ਤੇ ਸਾਲ 2025 ਦੀ ਚੌਥੀ ਕੌਮੀ ਲੋਕ ਅਦਾਲਤ ਲਗਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਜਿੰਦਰ ਅਗਰਵਾਲ ਨੇ ਦੱਸਿਆ ਕਿ ਇਸ ਲੋਕ ਅਦਾਲਤ ਵਿਚ ਸਿਵਲ ਕੇਸ, ਰੈਂਟ ਕੇਸ, ਐਮ.ਏ.ਸੀ.ਟੀ ਕੇਸ, ਅਪਰਾਧਿਕ ਕੰਪਾਊਂਂਡੇਬਲ ਕੇਸ, ਮਾਲੀਆ ਕੇਸ, 138 ਨੈਗੋਸ਼ੀਏਬਲ ਇੰਸਟ੍ਰੂਮੈਂਟ ਐਕਟ, ਪਰਿਵਾਰਕ ਮਾਮਲੇ, ਲੇਬਰ ਮਾਮਲੇ, ਬੈਂਕ ਕੇਸ (ਲੰਬਿਤ ਅਤੇ ਪ੍ਰੀ-ਲਿਟੀਗੇਟਿਵ) ਟੈਲੀਕਾਮ ਕੰਪਨੀਆਂ ਦੇ ਕੇਸ, ਪਾਣੀ ਦੇ ਬਿੱਲ (ਗੈਰ-ਕੰਪਾਊਂਂਡੇਬਲ ਨੂੰ ਛੱਡ ਕੇ), ਬਿਜਲੀ ਦੇ ਬਿੱਲ (ਗੈਰ-ਕੰਪਾਊਂਂਡੇਬਲ ਨੂੰ ਛੱਡ ਕੇ) ਆਦਿ ਦਾ ਨਿਪਟਾਰਾ ਕਰਾਉਣ ਸਬੰਧੀ ਕੇਸ ਰੱਖੇ ਜਾਣਗੇ ਅਤੇ ਇਸ ਲੋਕ ਅਦਾਲਤ ਵਿਚ ਕਚਹਿਰੀਆਂ ਵਿਚ ਪੈਡਿੰਗ ਅਤੇ ਪ੍ਰੀ-ਲਿਟੀਗੇਟਿਵ ਦੋਵੇਂ ਹੀ ਤਰ੍ਹਾਂ ਦੇ ਕੇਸ ਨਿਪਟਾਰੇ ਲਈ ਰੱਖੇ ਜਾਣਗੇ।
ਉਨ੍ਹਾਂ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਅਦਾਲਤਾਂ ਵਿਚ ਕੇਸ ਲਗਾਉਣ। ਉਨ੍ਹਾਂ ਕਿਹਾ ਕਿ ਇਸ ਨਾਲ ਸਮੇਂ ਅਤੇ ਧਨ ਦੀ ਬੱਚਤ ਹੁੰਦੀ ਹੈ ਅਤੇ ਇਨ੍ਹਾਂ ਲੋਕ ਅਦਾਲਤਾਂ ਦੇ ਫ਼ੈਸਲੇ ਨੂੰ ਦੀਵਾਨੀ ਡਿਕਰੀ ਦੀ ਮਾਨਤਾ ਪ੍ਰਾਪਤ ਹੈ। ਉਨ੍ਹਾਂ ਦੱਸਿਆ ਕਿ ਲੋਕ ਅਦਾਲਤ ਦਾ ਫ਼ੈਸਲਾ ਅਤਿੰਮ ਹੁੰਦਾ ਹੈ ਅਤੇ ਇਸ ਦੀ ਕੋਈ ਵੀ ਅਪੀਲ ਨਹੀ ਲੱਗਦੀ।














