ਨਸ਼ਿਆਂ ਦੇ ਖਾਤਮੇ ਲਈ ਸਾਰੇ ਵਰਗਾਂ ਦਾ ਸਹਿਯੋਗ ਜਰੂਰੀ

31

ਫਰੀਦਕੋਟ 27 ਅਕਤੂਬਰ 2025 AJ DI Awaaj

Punjab Desk : ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਪੰਜਾਬ ਸਰਕਾਰ ਵੱਲੋਂ ਜੰਗੀ ਪੱਧਰ ਤੇ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜਿਲ੍ਹਾ ਫਰੀਦਕੋਟ ਨਾਲ ਸਬੰਧਤ ਪ੍ਰਧਾਨਾਂ, ਹਲਕਾ ਇੰਚਾਰਜਾਂ, ਸਹਾਇਕ ਹਲਕਾ ਇੰਚਾਰਜਾਂ, ਬਲਾਕ ਪ੍ਰਧਾਨਾਂ ਨਾਲ ਵਿਸ਼ੇਸ਼ ਮੀਟਿੰਗ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ, ਐਸ.ਐਸ.ਪੀ. ਡਾ. ਪ੍ਰੱਗਿਆ ਜੈਨ, ਮਾਲਵਾ ਜੋਨ ਦੇ ਇੰਚਾਰਜ ਸ. ਸੁਖਜੀਤ ਸਿੰਘ ਢਿੱਲਵਾਂ, ਜਿਲ੍ਹਾ ਇੰਚਾਰਜ ਸ. ਗਗਨਦੀਪ ਸਿੰਘ ਧਾਲੀਵਾਲ ਚੇਅਰਮੈਨ ਇੰਮਪੂਰਵਮੈਂਟ ਟਰੱਸਟ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਨਸ਼ਾ ਵਿਸ਼ਵ ਵਿਆਪੀ ਸਮੱਸਿਆ ਹੈ ਜੋ ਕੇ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਜੰਗੀ ਪੱਧਰ ਤੇ ਜਾਰੀ ਹੈ ਜਿਸ ਦੇ ਵਧੀਆ ਸਿੱਟੇ ਸਾਹਮਣੇ ਆ ਰਹੀ ਹਨ। ਉਨ੍ਹਾਂ ਫਰੀਦਕੋਟ ਪ੍ਰਸ਼ਾਸ਼ਨ, ਪੁਲਿਸ ਪ੍ਰਸ਼ਾਸ਼ਨ ਤੇ ਜਿਲ੍ਹੇ ਦੀਆਂ ਪੇਂਡੂ ਰੱਖਿਆ ਕਮੇਟੀਆਂ, ਵਾਰਡ ਰੱਖਿਆ ਕਮੇਟੀਆਂ ਦੀ ਪ੍ਰਸ਼ੰਸ਼ਾ ਕੀਤੀ, ਜਿੰਨਾ ਨੇ ਇਸ ਮੁਹਿੰਮ ਵਿੱਚ ਉਸਾਰੂ ਰੋਲ ਅਦਾ ਕਰਕੇ ਨਸ਼ਿਆਂ ਦੇ ਖਾਤਮੇ ਵੱਲ ਕਦਮ ਚੁੱਕਿਆ ਹੈ, ਜਿਸ ਤਹਿਤ ਵੱਡੀ ਪੱਧਰ ਤੇ ਗ੍ਰਿਫਤਾਰੀਆਂ, ਨਸ਼ਿਆਂ ਦੀ ਰਿਕਵਰੀ, ਨਸ਼ਾ ਤਸਕਰਾਂ ਦੇ ਘਰ ਢਾਹੁਣ ਵਰਗੀਆਂ ਕਾਰਵਾਈਆਂ ਤੋਂ ਇਲਾਵਾ ਨਸ਼ਿਆਂ ਦੇ ਸ਼ਿਕਾਰ ਲੋਕਾਂ ਦੇ ਪੁਨਰਵਾਸ ਅਤੇ ਉਨ੍ਹਾਂ ਨੂੰ ਰੁਜ਼ਗਾਰ ਦੇ ਕਾਬਲ ਬਣਾਉਣ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਹੁਣ ਅੰਜਾਮ ਤੇ ਲਿਜਾਣ ਲਈ ਸਿਵਲ ਪ੍ਰਸ਼ਾਸ਼ਨ, ਪੁਲਿਸ ਪ੍ਰਸ਼ਾਸ਼ ਤੇ ਪੇਂਡੂ ਰੱਖਿਆ ਕਮੇਟੀਆਂ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਫਰੀਦਕੋਟ ਜਿਲ੍ਹੇ ਦੇ ਫਰੀਦਕੋਟ ਵਿਧਾਨ ਸਭਾ ਹਲਕੇ ਵਿੱਚ ਕੁੱਲ 115 ਪੇਂਡੂ ਰੱਖਿਆ/ਵਾਰਡ ਰੱਖਿਆ ਕਮੇਟੀਆਂ ਸਥਾਪਿਤ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਕੋਟਕਪੂਰਾ ਵਿਧਾਨ ਸਭਾ ਹਲਕੇ ਵਿੱਚ 85 ਅਤੇ ਜੈਤੋ ਵਿਧਾਨ ਸਭਾ ਵਿੱਚ ਕੁੱਲ 87 ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜੋ ਪੂਰੀ ਤਰ੍ਹਾਂ ਕਾਰਜਸ਼ੀਲ ਹਨ ਤੇ ਜਿਲ੍ਹੇ ਵਿੱਚ ਇਨ੍ਹਾਂ ਕਮੇਟੀਆਂ ਦੇ 3944 ਮੈਂਬਰ ਨਸ਼ਿਆਂ ਦੇ ਖਾਤਮੇ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੰਮ ਕਰ ਰਹੇ ਹਨ।

ਇਸ ਮੌਕੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਮੁੱਖ ਮਹਿਮਾਨ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਸਮੇਤ ਸਮੂਹ ਹਾਜ਼ਰੀਨ ਨੂੰ ਜੀ ਆਇਆ ਕਹਿੰਦਿਆਂ ਯਕੀਨ ਦਵਾਇਆ ਕਿ ਜਿਲ੍ਹਾ ਪ੍ਰਸ਼ਾਸ਼ਨ, ਪੁਲਿਸ ਪ੍ਰਸ਼ਾਸ਼ ਅਤੇ ਇਨ੍ਹਾਂ ਕਮੇਟੀਆਂ ਦੇ ਸਹਿਯੋਗ ਨਾਲ ਨਸ਼ਿਆਂ ਦੇ ਖਾਤਮੇ ਦੀ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਇਸ ਦੇ ਖਾਤਮੇ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਸਾਰੇ ਵਰਗਾਂ ਦਾ ਸਹਿਯੋਗ ਜ਼ਰੂਰੀ ਹੈ।

ਮਾਲਵਾ ਜੋਨ ਦੇ ਇੰਚਾਰਜ ਸ. ਸੁਖਜੀਤ ਸਿੰਘ ਢਿੱਲਵਾਂ ਨੇ ਕਿਹਾ ਕਿ ਨਸ਼ਿਆਂ ਨੇ ਹੁਣ ਤੱਕ ਸਮਾਜ ਦਾ ਜਾਨੀ, ਮਾਲੀ ਤੇ ਸਮਾਜਿਕ ਪੱਧਰ ਤੇ ਨੁਕਸਾਨ ਕੀਤਾ ਹੈ ਤੇ ਸਾਨੂੰ ਸਾਰਿਆਂ ਨੂੰ ਇਸ ਦੇ ਖਾਤਮੇ ਲਈ ਇੱਕਠੇ ਹੋ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੁਣ ਪਿੰਡ, ਵਾਰਡ ਪੱਧਰ ਤੇ ਟੀਮਾਂ ਦਾ ਗਠਨ ਹੋ ਚੁੱਕਾ ਹੈ ਤੇ ਸਾਨੂੰ ਇਸ ਦੇ ਵਧੀਆ ਨਤੀਜੇ ਦੇਣੇ ਚਾਹੀਦੇ ਹਨ ਤਾਂ ਜੋ ਇਸ ਅਲਾਮਤ ਨੂੰ ਜੜ੍ਹੋ ਖਤਮ ਕੀਤਾ ਜਾ ਸਕੇ।

ਮੁਹਿੰਮ ਦੇ ਜਿਲ੍ਹਾ ਕੁਆਰਡੀਨੇਟਰ ਸ. ਗਗਨਦੀਪ ਸਿੰਘ ਧਾਲੀਵਾਲ ਚੇਅਰਮੈਨ ਇੰਮਪੂਰਵਮੈਂਟ ਟਰੱਸਟ ਨੇ ਜਿਲ੍ਹੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਜਾਗਰਕੂਤਾ ਮੁਹਿੰਮ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਤੇ ਕਿਹਾ ਕਿ ਹਰੇਕ ਹਲਕੇ ਵਿੱਚ 20 ਮੈਂਬਰੀ ਟੀਮ ਬਣਾਈ ਗਈ ਹੈ ਜੋ ਹਲਕਾ ਇੰਚਾਰਜ ਤੇ ਪਿੰਡ ਲੈਵਲ ਕਮੇਟੀਆਂ ਨਾਲ ਤਾਲਮੇਲ ਕਰਕੇ ਇਸ ਮੁਹਿੰਮ ਨੂੰ ਹੋਰ ਅੱਗੇ ਕਾਮਯਾਬ ਕਰੇਗੀ। ਉਨ੍ਹਾਂ ਕਿਹਾ ਕਿ 16 ਨਵੰਬਰ ਨੂੰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸ਼ਹੀਦ ਕਰਤਾਰ ਸਿੰਘ ਸਰਾਭਾਂ ਦੇ ਜਨਮ ਦਿਨ ਮੌਕੇ ਪਿੰਡ ਸਰਾਭਾ ਵਿਖੇ ਵੱਡੀ ਜਾਗਰੂਕਤਾ ਰੈਲੀ ਹੋਵੇਗੀ, ਜਿਸ ਵਿੱਚ 1 ਲੱਖ ਨੋਜਵਾਨਾਂ ਦਾ ਇਕੱਠ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਪਿੰਡ ਪੱਧਰ ਦੀਆਂ ਕਮੇਟੀਆਂ ਆਪਸੀ ਸਹਿਯੋਗ ਨਾਲ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਕੰਮ ਕਰਨ।

ਐਸ.ਐਸ.ਪੀ. ਡਾ. ਪ੍ਰੱਗਿਆ ਜੈਨ ਨੇ ਕਿਹਾ ਕਿ ਫਰੀਦਕੋਟ ਪੁਲਿਸ ਨੇ ਪੂਰ ਰਾਜ ਵਿੱਚੋਂ ਇਸ ਮੁਹਿੰਮ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ ਹੈ। ਨਸ਼ਾ ਤਸਕਰਾਂ ਖਿਲਾਫ ਵੱਡੀਆਂ ਕਾਰਵਾਈਆਂ ਹੋਈਆਂ ਹਨ, ਵੱਡੀਆਂ ਰਿਕਵਰੀਆਂ ਹੋਈਆਂ ਹਨ ਅਤੇ ਇਸ ਕੰਮ ਵਿੱਚ ਸਿਵਲ ਪ੍ਰਸ਼ਾਸ਼ਨ ਦਾ ਪੁਲਿਸ ਨੂੰ ਵੱਡਾ ਯੋਗਦਾਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸਿਆਂ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਡਿਫੈਂਸ ਕਮੇਟੀਆਂ ਦੇ ਅਧਿਕਾਰੀਆਂ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਤੋਂ ਜਾਣਕਾਰੀ ਲੈਣਗੇ।

ਇਸ ਮੌਕੇ ਹਲਕਾ ਫਰੀਦਕੋਟ ਦੇ ਕੁਆਰਡੀਨੇਟਰ ਉੱਤਮ ਸਿੰਘ, ਸਹਾਇਕ ਕੁਆਰਡੀਨੇਟਰ ਗੁਰਦਾਸ ਸਿੰਘ, ਰਵਦੀਪ ਬਰਾੜ, ਹਲਕਾ ਕੋਟਕਪੂਰਾ ਦੇ ਕੁਆਰਡੀਨੇਟਰ ਰਾਜਪਾਲ ਸਿੰਘ, ਸਹਾਇਕ ਕੁਆਰਡੀਨੇਟਰ ਰਣਜੀਤ ਸਿੰਘ, ਜੈਤੋ ਦੇ ਕੁਆਰਡੀਨੇਟਰ ਨਰਿੰਦਰਪਾਲ ਸਿੰਘ, ਸਹਾਇਕ ਕੁਆਰਡੀਨੇਟਰ ਜਸਪਾਲ ਸਿੰਘ ਰੋੜੀਕਪੂਰਾ, ਬੇਅੰਤ ਸਿੰਘ, ਗੁਰਤੇਜ ਸਿੰਘ ਬਰਾੜ ਜਿਲ੍ਹਾ ਵਾਈਸ ਕੁਆਰਡੀਨੇਟਰ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੰਦੀਪ ਮਲਹੋਤਰਾ, ਐਸ.ਡੀ.ਐਮ. ਫਰੀਦਕੋਟ ਮੇਜਰ ਡਾ. ਵਰੁਣ ਕੁਮਾਰ, ਐਸ.ਡੀ.ਐਮ. ਕੋਟਕਪੂਰਾ/ਜੈਤੋ ਸ੍ਰੀ ਸੂਰਜ, ਚੇਅਰਮੈਨ ਮਾਰਕਿਟ ਕਮੇਟੀ ਫਰੀਦਕੋਟ ਅਮਨਦੀਪ ਸਿੰਘ ਬਾਬਾ, ਅਮਰਜੀਤ ਸਿੰਘ ਪਰਮਾਰ, ਸ੍ਰੀ ਜਸਬੀਰ ਜੱਸੀ ਤੋਂ ਇਲਾਵਾ ਹੋਰ ਹਾਜ਼ਰ ਸਨ।