India 27 Oct 2025 AJ DI Awaaj
Sports Desk : ਸਿਡਨੀ ਵਨਡੇ ਦੌਰਾਨ ਕੈਚ ਲੈਣ ਸਮੇਂ ਜ਼ਖ਼ਮੀ ਹੋਏ ਭਾਰਤੀ ਵਨਡੇ ਉਪ-ਕਪਤਾਨ ਸ਼੍ਰੇਅਸ ਅਈਅਰ ਦੀ ਸਿਹਤ ਬਾਰੇ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਨੂੰ ਸਿਡਨੀ ਦੇ ਹਸਪਤਾਲ ਦੇ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਕਿਉਂਕਿ ਉਨ੍ਹਾਂ ਦੀ ਸੱਟ ਕਾਰਨ ਅੰਦਰੂਨੀ ਖੂਨ ਵਹਿਣ (ਇੰਟਰਨਲ ਬਲੀਡਿੰਗ) ਦੀ ਸਮੱਸਿਆ ਉਤਪੰਨ ਹੋ ਗਈ ਹੈ।
ਰਿਪੋਰਟਾਂ ਮੁਤਾਬਕ, ਅਈਅਰ ਨੂੰ ਖੱਬੀ ਪਸਲੀ ‘ਚ ਗੰਭੀਰ ਸੱਟ ਲੱਗੀ ਸੀ। ਇਹ ਹਾਦਸਾ ਤੀਸਰੇ ਵਨਡੇ ਦੌਰਾਨ ਹੋਇਆ, ਜਦੋਂ ਉਹ ਆਸਟ੍ਰੇਲੀਆ ਦੇ ਐਲੇਕਸ ਕੈਰੀ ਦਾ ਕੈਚ ਲੈਣ ਲਈ ਬੈਕਵਰਡ ਪੁਆਇੰਟ ਵੱਲ ਦੌੜੇ ਅਤੇ ਕੈਚ ਲੈਣ ਤੋਂ ਬਾਅਦ ਜ਼ੋਰ ਨਾਲ ਜ਼ਮੀਨ ‘ਤੇ ਡਿੱਗ ਪਏ। ਡਿੱਗਦੇ ਹੀ ਉਹ ਦਰਦ ਨਾਲ ਚੀਖ ਪਏ, ਅਤੇ ਉਨ੍ਹਾਂ ਨੂੰ ਤੁਰੰਤ ਮੈਦਾਨ ਤੋਂ ਬਾਹਰ ਲਿਜਾਇਆ ਗਿਆ।
ਬੀਸੀਸੀਆਈ ਦੇ ਡਾਕਟਰਾਂ ਨੇ ਪੁਸ਼ਟੀ ਕੀਤੀ ਹੈ ਕਿ ਸੱਟ ਦੇ ਕਾਰਨ ਉਨ੍ਹਾਂ ਨੂੰ ਅੰਦਰੂਨੀ ਬਲੀਡਿੰਗ ਅਤੇ ਇਨਫੈਕਸ਼ਨ ਦਾ ਖ਼ਤਰਾ ਹੈ। ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ, ਸ਼੍ਰੇਅਸ ਅਈਅਰ ਨੂੰ ਘੱਟੋ-ਘੱਟ 2 ਤੋਂ 7 ਦਿਨਾਂ ਤੱਕ ਹਸਪਤਾਲ ਵਿੱਚ ਰਹਿਣਾ ਪੈ ਸਕਦਾ ਹੈ। ਡਾਕਟਰਾਂ ਦੀ ਟੀਮ ਉਨ੍ਹਾਂ ਦੀ ਸਥਿਤੀ ‘ਤੇ ਲਗਾਤਾਰ ਨਿਗਰਾਨੀ ਕਰ ਰਹੀ ਹੈ।
ਬੀਸੀਸੀਆਈ ਵੱਲੋਂ ਜਲਦੀ ਹੀ ਉਨ੍ਹਾਂ ਦੀ ਸਿਹਤ ਬਾਰੇ ਅਧਿਕਾਰਕ ਅਪਡੇਟ ਜਾਰੀ ਕਰਨ ਦੀ ਸੰਭਾਵਨਾ ਹੈ।














