ਪ੍ਰਸ਼ਾਸਨ ਵੱਲੋਂ ਵੱਖ ਵੱਖ ਥਾਵਾਂ ‘ਤੇ ਕਰਵਾਈ ਗਈ ਫੋਗਿੰਗ

17
ਬਰਨਾਲਾ, 23 ਅਕਤੂਬਰ 2025 Aj DI Awaaj
Punjab Desk : ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਦੇ ਫੈਲਾਅ ਨੂੰ ਰੋਕਣ ਲਈ ਸ਼ਹਿਰਾਂ ਅਤੇ ਪਿੰਡਾਂ ‘ਚ ਫੋਗਿੰਗ ਕੀਤੀ ਜਾ ਰਹੀ ਹੈ। ਨਾਲ ਹੀ ਜ਼ਿਲ੍ਹੇ ਦੇ ਵੱਖ ਵੱਖ ਇਲਾਕਿਆਂ ‘ਚ ਖੜ੍ਹੇ ਪਾਣੀ ਦੇ ਸੋਮਿਆਂ ਨੂੰ ਖ਼ਾਲੀ ਕੀਤਾ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ‘ਚ ਮੱਛਰ ਨਾਲ ਹੋਣ ਵਾਲੇ ਰੋਗਾਂ ਦੇ ਪ੍ਰਸਾਰ ਖਿਲਾਫ਼ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਨਾਲ ਹੀ ਲੋਕਾਂ ਨੂੰ ਮੁਫ਼ਤ ਇਲਾਜ, ਉਨ੍ਹਾਂ ਦੇ ਘਰਾਂ ਦੇ ਆਲੇ ਦੁਆਲੇ ਫੋਗਿੰਗ, ਸਫਾਈ ਅਤੇ ਹੋਰ ਕੰਮ ਕੀਤੇ ਜਾ ਰਹੇ ਹਨ ਤਾਂ ਜੋ ਇਨ੍ਹਾਂ ਬਿਮਾਰੀਆਂ ਦੇ ਪ੍ਰਸਾਰ ਉੱਤੇ ਠੱਲ ਪਾਈ ਜਾ ਸਕੇ।
ਉਨ੍ਹਾਂ ਦੱਸਿਆ ਕਿ ਪਹਿਲਾਂ ਹੀ ਪਿੰਡਾਂ ‘ਚ ਮਲੇਰਿਆ ਦੇ ਪ੍ਰਸਾਰ ਨੂੰ ਰੋਕਣ ਲਈ ਜੰਗੀ ਪੱਧਰ ਉੱਤੇ ਇਨ੍ਹਾਂ ਪਿੰਡਾਂ ਦੇ ਛੱਪੜਾਂ ‘ਚ ਗਮਬੂਸੀਆ ਮੱਛੀ ਛੱਡੀ ਗਈ ਹੈ ਜੋ ਕਿ ਮਲੇਰੀਆ ਦੇ ਲਾਰਵੇ ਨੂੰ ਨਸ਼ਟ ਕਰਦੀ ਹੈ। ਨਾਲ ਹੀ ਜਿਨ੍ਹਾਂ ਪਿੰਡਾਂ ਵਿੱਚੋਂ ਕੇਸ ਆ ਰਹੇ ਹਨ ਉਨ੍ਹਾਂ ਪਿੰਡਾਂ ‘ਚ ਮੁਕੰਮਲ ਫੋਗਿੰਗ ਕਰਵਾਈ ਜਾ ਰਹੀ ਹੈ l ਉਨ੍ਹਾਂ ਦੱਸਿਆ ਕਿ ਇਸ ਤਹਿਤ ਸਾਰੀਆਂ ਨਗਰ ਕੌਂਸਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਹੇਠਾਂ ਆਉਂਦੇ ਇਲਾਕਿਆਂ ‘ਚ ਫੋਗਿੰਗ ਕਰਨ । ਉਨ੍ਹਾਂ ਦੱਸਿਆ ਕਿ ਕੁਝ ਪਿੰਡਾਂ ਕੋਲ ਆਪਣੀ ਫੋਗਿੰਗ ਮਸ਼ੀਨਾਂ ਵੀ ਨੇ ਜਿਹੜੇ ਕਿ ਆਪਣੇ ਪਿੰਡਾਂ ਦੇ ਨਾਲ ਨਾਲ ਆਸ ਪਾਸ ਦੇ ਹੋਰਨਾਂ ਪਿੰਡਾਂ ਨੂੰ ਵੀ ਇਹ ਮਸ਼ੀਨ ਦੇ ਸੱਕਦੇ ਹਨ।
ਉਨ੍ਹਾਂ ਦੱਸਿਆ ਕਿ ਅੱਜ ਪਿੰਡ ਵਿਧਾਤੇ, ਮੋਚੀ ਬਸਤੀ ਤਪਾ, ਗੋਬਿੰਦ ਕਲੋਨੀ ਬਰਨਾਲਾ, ਗਿੱਲ ਨਗਰ ਬਰਨਾਲਾ, ਪਿੰਡ ਢਿਲਵਾਂ, ਭਦੌੜ ਅਤੇ ਹੋਰਨਾਂ ਇਲਾਕਿਆਂ ‘ਚ ਡੇਂਗੂ ਮਲੇਰਿਆ ਸਬੰਧੀ ਸਰਵੇ ਕੀਤੇ ਗਏ ਅਤੇ ਜਿਥੇ ਕਿਤੇ ਵੀ ਲਾਰਵਾ ਮਿਲਿਆ ਉਸ ਨੂੰ ਨਸ਼ਟ ਕੀਤਾ ਗਿਆ ।
ਸਿਵਲ ਸਰਜਨ ਬਰਨਾਲਾ ਡਾ. ਬਲਜੀਤ ਸਿੰਘ ਨੇ ਦੱਸਿਆ ਕਿ ਜੇ ਕਰ ਕਿਸੇ ਨੂੰ ਵੀ ਤੇਜ਼ ਬੁਖਾਰ, ਠੰਡ ਅਤੇ ਕਾਂਬੇ ਨਾਲ ਬੁਖਾਰ, ਲੱਤਾਂ ‘ਚ ਦਰਦ, ਕਮਜ਼ੋਰੀ, ਉਲਟੀਆਂ ਆਦਿ ਲੱਛਣ ਦਿਸਦੇ ਹਨ ਤਾਂ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਕੇਂਦਰ ‘ਚ ਟੈਸਟ ਅਤੇ ਇਲਾਜ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਾਰੇ ਟੈਸਟ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ ।