4 ਸੈਂਪਲਾਂ ਨੂੰ ਅਗਲੇਰੀ ਜਾਂਚ ਲਈ ਖਰੜ ਲੈਬੋਰਟਰੀ ਭੇਜਿਆ
ਤਰਨ ਤਾਰਨ, October 14, 2025 Aj Di Awaaj
Punjab Desk: ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ ਕਮਿਸ਼ਨਰ (ਫੂਡ ਐਂਡ ਡਰੱਗਸ) ਪੰਜਾਬ, ਸ਼੍ਰੀ ਦਿਲਰਾਜ ਸਿੰਘ ਅਤੇ ਜ਼ਿਲਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਦੀ ਰਹਿਨੁਮਾਈ ਅਤੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਅਗਵਾਈ ਅਤੇ ਜ਼ਿਲਾ ਸਿਹਤ ਅਫਸਰ ਡਾਕਟਰ ਸੁਖਬੀਰ ਕੌਰ ਔਲਖ ਦੀ ਦੇਖ ਰੇਖ ਹੇਠ ਜਿਲੇ ਦੇ ਖੁਰਾਕ ਸੁਰੱਖਿਆ ਵਿੰਗ ਤਿਉਹਾਰਾਂ ਦੇ ਮੌਸਮ ਦੇ ਮੱਦੇ ਨਜ਼ਰ ਮੰਗਲਵਾਰ ਨੂੰ ਤਰਨ ਤਾਰਨ ਸ਼ਹਿਰ ਤੋਂ ਇਲਾਵਾ ਜ਼ਿਲੇ ਦੇ ਵੱਖ ਵੱਖ ਕਸਬਿਆਂ ਜਿਵੇਂ ਕਿ ਜੋਧਪੁਰ, ਨੁਸ਼ਹਿਰਾ ਪਨੂਆ, ਗੋਇੰਦਵਾਲ ਸਾਹਿਬ ਅਤੇ ਕੰਗ ਵਿਖੇ ਮਿਠਾਈਆਂ ਵੇਚਣ ਵਾਲੀਆਂ ਦੁਕਾਨਾਂ ਦੀ ਜਾਂਚ ਕਰ ਖੋਏ ਅਤੇ ਅਤੇ ਪੇਠੇ ਦੇ ਸੈਂਪਲ ਅਗਲੇਰੀ ਜਾਂਚ ਲਈ ਭੇਜੇ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਜ਼ਿਲੇ ਦੇ ਨਾਗਰਿਕਾਂ ਦੀ ਚੰਗੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਵਿਭਾਗ ਦੇ ਖੁਰਾਕ ਸੁਰੱਖਿਆ ਵਿੰਗ ਵੱਲੋਂ ਖਾਣ ਪੀਣ ਦੀਆਂ ਵਸਤੂਆਂ ਵੇਚਣ ਵਾਲੀਆਂ ਦੁਕਾਨਾਂ ਅਤੇ ਰੇਹੜੀਆਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਇਸੇ ਲੜੀ ਤਹਿਤ ਵਿੰਗ ਵੱਲੋਂ ਡੇਅਰੀਆਂ ਅਤੇ ਮਿਠਾਈਆਂ ਵਾਲੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ। ਉਹਨਾਂ ਕਿਹਾ ਕਿ ਨਾਗਰਿਕਾਂ ਦੀ ਸਿਹਤ ਨਾਲ ਖਿਲਵਾੜ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕੋਈ ਵੀ ਡੇਅਰੀ ਮਾਲਕ, ਹਲਵਾਈ, ਰੈਸਟੋਰੈਂਟ, ਢਾਬੇ ਜਾਂ ਫਿਰ ਰੇਹੜੀਆਂ ਵਾਲੇ ਘੱਟੀਆ ਪੱਧਰ ਦਾ ਸਮਾਨ ਵੇਚਦੇ ਪਾਏ ਗਏ ਤਾਂ ਉਸ ਵਿਰੁੱਧ ਢੁਕਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜ਼ਿਲ੍ਹਾ ਸਿਹਤ ਅਫ਼ਸਰ ਡਾਕਟਰ ਸੁਖਬੀਰ ਕੌਰ ਨੇ ਕਿਹਾ ਵਿਭਾਗ ਦੀ ਟੀਮ ਵੱਲੋਂ ਮਿਠਾਈਆਂ ਵਾਲੀਆਂ ਦੁਕਾਨਾਂ ਦੀ ਜਾਂਚ ਕਰਕੇ ਪੇਠੇ ਅਤੇ ਪਨੀਰ ਦੇ ਸੈਂਪਲਾਂ ਨੂੰ ਅਗਲੇਰੀ ਜਾਂਚ ਲਈ ਭੇਜਿਆ ਹੈ। ਉਹਨਾਂ ਦੱਸਿਆ ਕਿ ਖੁਰਾਕ ਸੁਰੱਖਿਆ ਵਿੰਗ ਵੱਲੋ ਪੇਠੇ ਅਤੇ ਪਨੀਰ ਦੇ 4 ਸੈਂਪਲਾਂ ਨੂੰ ਖਰੜ ਲੈਬੋਰਟਰੀ ਵਿਖੇ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਇੱਕ ਦੁਕਾਨਦਾਰ ਨੂੰ ਸੁਧਾਰ ਨੋਟਿਸ ਵੀ ਜਾਰੀ ਕੀਤਾ ਗਿਆ ਹੈ।
ਜ਼ਿਲਾ ਸਿਹਤ ਅਫਸਰ ਡਾਕਟਰ ਸੁਖਬੀਰ ਕੌਰ ਨੇ ਕਿਹਾ ਕਿ ਮੌਜੂਦਾ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਡੇਅਰੀ ਮਾਲਕਾਂ ਅਤੇ ਹਲਵਾਈਆਂ ਨੂੰ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਦੀ ਹਦਾਇਤ ਕੀਤੀ ਗਈ ਅਤੇ ਉਹਨਾਂ ਨੂੰ ਹਦਾਇਤ ਕੀਤੀ ਗਈ ਕਿ ਕੰਮ ਕਾਜ ਵਾਲੇ ਸਥਾਨ ਤੇ ਪਾਣੀ ਨੂੰ ਇਕੱਠਾ ਨਾ ਹੋਣ ਦੇਣ ਤਾਂ ਜੋ ਮੱਖੀ ਮੱਛਰ ਦੇ ਪੈਦਾ ਹੋਣ ਦਾ ਖਦਸਾ ਨਾ ਬਣੇ।
ਜਿਲਾ ਸਿਹਤ ਅਫਸਰ ਡਾਕਟਰ ਸੁਖਬੀਰ ਕੌਰ ਨੇ ਦੱਸਿਆ ਕਿ ਹਲਵਾਈਆਂ ਨੂੰ ਮਿਠਾਈਆਂ ਵਾਸਤੇ ਸਿਰਫ ਭਾਰਤੀ ਖੁਰਾਕ ਸੁਰੱਖਿਆ ਅਤੇ ਮਾਪਢੰਡ ਅਥਾਰਟੀ ਵੱਲੋਂ ਮਨਜ਼ੂਰਸ਼ੁਦਾ ਰੰਗ ਵਰਤਣ ਦੀ ਹਿਦਾਇਤ ਜਾਰੀ ਕੀਤੀ ਗਈ।
ਉਹਨਾਂ ਕਿਹਾ ਕਿ ਖਾਣ ਪੀਣ ਦੀਆਂ ਵਸਤੂਆਂ ਵੇਚਣ ਵਾਲਿਆਂ ਨੂੰ ਵਸਤੂਆਂ ਲਈ ਲੋੜੀਂਦਾ ਤਾਪਮਾਨ ਬਰਕਰਾਰ ਰੱਖਣ ਦੀ ਹਦਾਇਤ ਕੀਤੀ ਗਈ ਤਾਂ ਜੋ ਵਸਤੂਆਂ ਖਰਾਬ ਨਾ ਹੋਣ।
ਇਸ ਮੌਕੇ ਫੂਡ ਸੇਫਟੀ ਅਫਸਰ ਅਸ਼ਵਨੀ ਕੁਮਾਰ ਅਤੇ ਸਾਕਸ਼ੀ ਖੋਸਲਾ ਵੀ ਮੌਜੂਦ ਰਹੇ।
