ਕੀਰਤਪੁਰ ਸਾਹਿਬ 08 ਅਕਤੂਬਰ 2025 AJ DI Awaaj
Punjab Desk : ਮਹਾਂਰਿਸ਼ੀ ਭਗਵਾਨ ਵਾਲਮੀਕਿ ਸਭਾ ਪਿੰਡ ਜਿਊਵਾਲ ਕੀਰਤਪੁਰ ਸਾਹਿਬ ਵੱਲੋਂ ਸਮੂਹ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਬੀਤੇ ਦਿਨ ਭਗਵਾਨ ਮਹਾਂਰਿਸ਼ੀ ਵਾਲਮੀਕਿ ਜੀ ਦਾ ਪ੍ਰਕਾਸ਼ ਉਤਸਵ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਭ ਤੋਂ ਪਹਿਲਾਂ ਪਿੰਡ ਜਿਊਵਾਲ ਭਗਵਾਨ ਮਹਾਰਿਸ਼ੀ ਵਾਲਮੀਕਿ ਮਹਾਰਾਜ ਜੀ ਦੇ ਮੰਦਰ ਵਿਖੇ ਸ੍ਰੀ ਰਮਾਇਣ ਜੀ ਦੇ ਪਾਠ ਦੀ ਭੋਗ ਪਾਏ ਗਏ। ਸਵੇਰੇ 10 ਵਜੇ ਹਵਨ ਪਾਠ ਪੂਜਾ ਕੀਤੀ ਗਈ, ਉਸ ਤੋਂ ਬਾਅਦ ਪ੍ਰਬੰਧਕਾਂ ਵੱਲੋਂ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ।
ਇਸ ਤੋਂ ਬਾਅਦ ਧਾਰਮਿਕ ਸਮਾਗਮ ਅਤੇ ਭੰਡਾਰਾ ਸ਼ੁਰੂ ਹੋਇਆ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਹਲਕਾ ਵਿਧਾਇਕ ਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵੱਲੋਂ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦੇ ਮੰਦਰ ਵਿੱਚ ਮੱਥਾ ਟੇਕਿਆ ਗਿਆ। ਇਸ ਮੌਕੇ ਉਹਨਾਂ ਸੰਗਤਾਂ ਨਾਲ ਧਾਰਮਿਕ ਵਿਚਾਰ ਸਾਂਝੇ ਕਰਦੇ ਹੋਏ ਸਾਰਿਆਂ ਨੂੰ ਭਗਵਾਨ ਮਹਾਰਿਸ਼ੀ ਵਾਲਮਿਕਿ ਜੀ ਦੇ ਪ੍ਰਕਾਸ਼ ਉਤਸਵ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਇੱਕ ਬਹੁਤ ਹੀ ਮਹਾਨ ਸ਼ਖਸ਼ੀਅਤ ਸਨ ਜਿਨਾਂ ਵੱਲੋਂ ਸ੍ਰੀ ਰਾਮਾਇਣ ਜੀ ਦੀ ਰਚਨਾ ਕੀਤੀ ਗਈ, ਉਹਨਾਂ ਕਿਹਾ ਕਿ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਵੱਲੋਂ ਲਿਖੀ ਗਈ ਰਮਾਇਣ ਵਿੱਚ ਸਾਨੂੰ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਤੋਂ ਆਦਰਸ਼ਵਾਦੀ ਹੋਣ ਦੀ ਪ੍ਰੇਰਨਾ ਮਿਲਦੀ ਹੈ ਅਤੇ ਲਕਸ਼ਮਣ ਤੋਂ ਵੱਡੇ ਭਰਾ ਦਾ ਸਤਿਕਾਰ ਕਰਨ ਦੀ ਸਿੱਖਿਆ ਮਿਲਦੀ ਹੈ ਅਤੇ ਮਾਤਾ ਸੀਤਾ ਜੀ ਤੋਂ ਸਾਨੂੰ ਪਤੀ ਵਰਤਾ ਹੋਣ ਦੀ ਪ੍ਰੇਰਣਾ ਮਿਲਦੀ ਹੈ।
ਉਹਨਾਂ ਕਿਹਾ ਕਿ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਨੇ ਭਗਵਾਨ ਸ੍ਰੀ ਰਾਮ ਚੰਦਰ ਜੀ ਅਤੇ ਮਾਤਾ ਸੀਤਾ ਜੀ ਦੇ ਸਪੁੱਤਰ ਲਵ ਕੁਸ਼ ਨੂੰ ਵੱਖ-ਵੱਖ ਗ੍ਰੰਥਾਂ ਸੰਸਕ੍ਰਿਤੀ ਅਤੇ ਸ਼ਾਸਤਰ ਚਲਾਉਣ ਦੀ ਸਿੱਖਿਆ ਪ੍ਰਦਾਨ ਕੀਤੀ, ਜਿਨ੍ਹਾਂ ਦੀ ਸਿੱਖਿਆ ਬਦੌਲਤ ਹੀ ਉਹ ਵੱਡੇ ਵੱਡੇ ਮਹਾਂਰਥੀ ਯੋਧਿਆਂ ਨੂੰ ਹਰਾ ਸਕੇ। ਉਹਨਾਂ ਕਿਹਾ ਕਿ ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦੇ ਜੀਵਨ ਤੋਂ ਵੀ ਮਨੁੱਖ ਨੂੰ ਬਹੁਤ ਵੱਡੀ ਸੇਧ ਮਿਲਦੀ ਹੈ। ਇਸ ਮੌਕੇ ਮਹਾਂਰਿਸ਼ੀ ਭਗਵਾਨ ਵਾਲਮੀਕਿ ਸਭਾ ਪਿੰਡ ਜਿਊਵਾਲ ਕੀਰਤਪੁਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਧਰਮਸ਼ਾਲਾ ਦੀ ਮਦਦ ਕਰਨ ਦਾ ਭਰੋਸਾ ਦਿੱਤਾ। ਸਮਾਗਮ ਦੌਰਾਨ ਭਜਨ ਮੰਡਲੀ ਅਤੇ ਵੱਖ ਵੱਖ ਗਾਇਕਾਂ ਵੱਲੋਂ ਭਗਵਾਨ ਮਹਾਰਿਸ਼ੀ ਵਾਲਮੀਕਿ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ।
ਇਸ ਮੌਕੇ ਦਲੀਪ ਹੰਸ ਮੈਂਬਰ ਦਲਿਤ ਵਿਕਾਸ ਬੋਰਡ,ਰਮੇਸ਼ ਕੁਮਾਰ ਪ੍ਰਧਾਨ ਵਾਲਮੀਕਿ ਸਭਾ ਜਿਓਵਾਲ, ਸੁਨੀਲ ਅਡਵਾਲ ਪ੍ਰਧਾਨ , ਮਨਜੀਤ ਸਿੰਘ, ਰਮੇਸ਼ ਅਟਵਾਲ, ਬਲਵੀਰ ਕੁਮਾਰ, ਗਫੂਰ ਮੁਹੰਮਦ ਬਲਾਕ ਪ੍ਰਧਾਨ, ਕੁਲਵੰਤ ਸਿੰਘ ਬਲਾਕ ਪ੍ਰਧਾਨ, ਜੋਗਿੰਦਰ ਸਿੰਘ ਕੌਂਸਲਰ, ਕਸ਼ਮੀਰਾ ਸਿੰਘ, ਗੁਰਮੀਤ ਸਿੰਘ ਟੀਨਾ, ਗਗਨ ਭਾਰਜ, ਪ੍ਰਕਾਸ਼ ਕੌਰ, ਜਸਵਿੰਦਰ ਸਿੰਘ ਵਿੱਕੀ, ਯੂਨਿਸ਼ ਖਾਨ, ਹਰਪ੍ਰਤਾਪ ਸਿੰਘ ਆਦਿ ਸਮੇਤ ਭਾਰੀ ਗਿਣਤੀ ਵਿੱਚ ਇਲਾਕੇ ਦੀ ਸੰਗਤ ਹਾਜ਼ਰ ਸੀ.
