ਬਰਨਾਲਾ, 7 ਅਕਤੂਬਰ 2025 AJ DI Awaaj
Punjab Desk : ਸਿਹਤ ਵਿਭਾਗ ਬਰਨਾਲਾ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਦੀ ਅਗਵਾਈ ਹੇਠ ਬਰਸਾਤੀ ਸੀਜ਼ਨ ‘ਚ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਡੇਂਗੂ, ਮਲੇਰੀਆ, ਚਿਕਨਗੁਨੀਆ ਅਤੇ ਦੂਸ਼ਿਤ ਪਾਣੀ ਤੋਂ ਬਚਾਅ ਲਈ ਸਿਹਤ ਵਿਭਾਗ ਸਲਾਹਕਾਰੀ ਜਾਰੀ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਬਲਜੀਤ ਸਿੰਘ ਨੇ ਦੱਸਿਆ ਕਿ ਬਰਸਾਤ ਦੇ ਮੌਸਮ ‘ਚ ਮੀਂਹ ਦਾ ਪਾਣੀ ਗਲੀਆਂ ਨਾਲੀਆਂ ਵਿੱਚ ਇਕੱਠਾ ਹੋਣ ਕਾਰਨ ਪੀਣ ਵਾਲੇ ਪਾਣੀ ਦੇ ਸਾਧਨ ਨਾਲ ਰੱਲ ਸਕਦਾ ਹੈ । ਇਹ ਪ੍ਰਦੂਸ਼ਿਤ ਪਾਣੀ ਪੀਣ ਨਾਲ ਦਸਤ, ਉਲਟੀਆਂ ਅਤੇ ਹੈਪੇਟਾਇਟਸ ਪੀਲੀਆ ਵਰਗੀਆਂ ਪੇਟ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ । ਇਸੇ ਤਰ੍ਹਾਂ ਘਰਾਂ, ਦੁਕਾਨਾਂ, ਹੋਰ ਥਾਵਾਂ ਅਤੇ ਗਮਲੇ, ਕੂਲਰ, ਟਾਇਰ, ਘੜੇ, ਫਰਿੱਜ਼ ਦੀ ਬੈਕ ਟਰੇਅ, ਖੇਲਾਂ ਆਦਿ ਵਿੱਚ ਜ਼ਿਆਦਾ ਦਿਨ ਪਾਣੀ ਖੜ੍ਹ ਜਾਣ ਕਾਰਨ ਮੱਛਰ ਪੈਦਾ ਹੋ ਜਾਂਦਾ ਹੈ ਜਿਸ ਨਾਲ ਡੇਂਗੂ, ਮਲੇਰੀਆ ਫੈਲਦਾ ਹੈ।
ਉਨ੍ਹਾਂ ਕਿਹਾ ਕਿ ਮਲੇਰੀਆ ਡੇਂਗੂ ਤੋਂ ਬਚਾਅ ਲਈ ਖੜ੍ਹੇ ਪਾਣੀ ਦੇ ਸੋਮੇ ਨਸ਼ਟ ਕਰਕੇ ਜਾਂ ਕਾਲਾ ਤੇਲ ਪਾ ਕੇ ਹਫ਼ਤੇ ‘ਚ ਇੱਕ ਦਿਨ ਸਿਹਤ ਵਿਭਾਗ ਨੂੰ ਸਹਿਯੋਗ ਦੇ ਕੇ ਸ਼ੁੱਕਰਵਾਰ ਨੂੰ ਖੁਸ਼ਕ ਦਿਨ (ਡਰਾਈ ਡੇ ਫਰਾਈ ਡੇ) ਸਾਰੇ ਪਾਣੀ ਵਾਲੇ ਬਰਤਨਾਂ ਨੂੰ ਸੁਕਾਉਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਜਿਹੜੇ ਵੀ ਖੇਤਰ ਚੋਂ ਡੇਂਗੂ, ਮਲੇਰੀਆ, ਚਿਕਨਗੁਨੀਆ ਦਾ ਕੇਸ ਆਉਂਦਾ ਹੈ ਉੱਥੇ ਸਹਿਤ ਵਿਭਾਗ ਵੱਲੋਂ ਖੜ੍ਹੇ ਪਾਣੀ ‘ਚ ਪੈਦਾ ਹੋਂਣ ਵਾਲੇ ਮੱਛਰ ਨਸ਼ਟ ਕਰਕੇ ਉਨ੍ਹਾਂ ਥਾਵਾਂ ਨੂੰ ਨਗਰ ਕਾਉਂਸਿਲ ਦੀ ਮਦਦ ਨਾਲ ਸਾਫ਼ ਕਰਵਾਇਆ ਜਾਂਦਾ ਹੈ। ਜੇ ਕਰ ਲੋਕ ਆਪਣੇ ਆਲੇ ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇਣ ਤਾਂ ਉਹ ਨਾ ਸਿਰਫ ਆਪਣੇ ਆਪ ਨੂੰ ਬਲਕਿ ਆਪਣੇ ਪਰਿਵਾਰ ਨੂੰ ਵੀ ਸੁਰੱਖਿਅਤ ਰੱਖ ਸਕਦੇ ਹਨ।
ਡਾ. ਮੁਨੀਸ ਕੁਮਾਰ ਜ਼ਿਲ੍ਹਾ ਐਪੀਡਿਮਾਲੋਜਿਸਟ ਨੇ ਦੱਸਿਆ ਕਿ ਜੇਕਰ ਕਿਸੇ ਨੂੰ ਦਸਤ, ਉਲਟੀਆਂ, ਕਾਂਬੇ ਨਾਲ ਬੁਖਾਰ, ਸਿਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ‘ਚ ਦਰਦ, ਮਾਸ ਪੇਸ਼ੀਆਂ ‘ਚ ਦਰਦ, ਸਰੀਰ ‘ਤੇ ਲਾਲ ਰੰਗ ਦੇ ਧੱਫੜ, ਨੱਕ ਜਾਂ ਮੂੰਹ ਚੋਂ ਖੂਨ ਆਉਣਾ ਆਦਿ ਲੱਛਣ ਹੋਣ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਾਉਣਾ ਚਾਹੀਦਾ ਹੈ।
ਬਰਸਾਤ ਕਾਰਨ ਖੁੱਡਾਂ ਵਿੱਚ ਪਾਣੀ ਭਰ ਜਾਣ ਕਾਰਨ ਸੱਪ ਜਾਂ ਹੋਰ ਜ਼ਹਿਰੀਲੇ ਜਾਨਵਰ ਬਾਹਰ ਨਿਕਲ ਸਕਦੇ ਹਨ ਜੋ ਘਰ ਦੇ ਕੋਨੇ ‘ਚ, ਘਰਾਂ ਦੇ ਬਾਹਰ ਅਤੇ ਫਸਲਾਂ ‘ਚ ਰਹਿੰਦੇ ਹਨ ਜੋ ਕਿਸੇ ਵੀ ਸਮੇਂ ਕੱਟ ਸਕਦੇ ਹਨ ਤਾਂ ਤੁਰੰਤ ਕੱਟੇ ਹੋਏ ਥਾਂ ਨੂੰ ਸਾਬਣ ਪਾਣੀ ਨਾਲ ਸਾਫ਼ ਕਰਨਾ ਚਾਹੀਦਾ ਹੈ। ਇਲਾਜ ਲਈ ਸਿਵਲ ਹਸਪਤਾਲ ਬਰਨਾਲਾ, ਐਸ ਡੀ ਐਚ ਤਪਾ, ਸੀ ਐਚ ਸੀ ਧਨੌਲਾ, ਮਹਿਲ ਕਲਾਂ ਵਿਖੇ ਇਲਾਜ ਕਰਵਾਉਣਾ ਚਾਹੀਦਾ ਹੈ। ਘਰੇਲੂ ਉਪਚਾਰ ਜਾਂ ਕੋਈ ਦੇਸੀ ਇਲਾਜ ਕਰਾਉਣਾ ਜਾਨਲੇਵਾ ਹੋ ਸਕਦਾ ਹੈ।
—
