ਮਾਲੇਰਕੋਟਲਾ ਦੇ ਦੋ ਅਧਿਆਪਕਾਂ ਨੂੰ ਸਟੇਟ ਅਵਾਰਡ

27

ਮਾਲੇਰਕੋਟਲਾ, 06 ਅਕਤੂਬਰ 2025 AJ Di Awaaj

Punjab Desk :  ਵਿਰਾਸਤ-ਏ ਖਾਲਸਾ, ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਸ਼ਵ ਅਧਿਆਪਕ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ   ਦੀ ਅਗਵਾਈ ਹੇਠ ਹੋਏ ਸੂਬਾ ਪੱਧਰੀ ਸਮਾਰੋਹ ਦੌਰਾਨ ਮਾਲੇਰਕੋਟਲਾ ਜ਼ਿਲ੍ਹੇ ਦੇ ਦੋ ਅਧਿਆਪਕਾਂ ਨੂੰ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਮਾਣਮੱਤਾ ਪੁਰਸਕਾਰ ਸਰਕਾਰੀ ਹਾਈ ਸਕੂਲ ਭੂਦਨ ਦੇ ਐਸ.ਐਸ.ਮਾਸਟਰ ਮੁਹੰਮਦ ਅਸਦ ਅਹਿਸਾਨ ਅਤੇ ਸਰਕਾਰੀ ਸਕੂਲ ਆਫ਼ ਹੈਪੀਨੈੱਸ (ਸਰਕਾਰੀ ਪ੍ਰਾਇਮਰੀ ਸਕੂਲ )ਕੁਠਾਲਾ ਦੇ ਕੰਵਲਦੀਪ ਸਿੰਘ ਨੂੰ ਪ੍ਰਦਾਨ ਕੀਤਾ ਗਈ। ਦੋਵੇਂ ਅਧਿਆਪਕਾਂ ਦੀ ਇਹ ਪ੍ਰਾਪਤੀ ਜ਼ਿਲ੍ਹੇ ਲਈ ਗੌਰਵਮਈ ਤੇ ਪ੍ਰੇਰਕ ਮੌਕਾ ਹੈ।

                ਵਿਧਾਇਕ ਮਾਲੇਰਕੋਟਲਾ ਡਾ.ਜਮੀਲ ਉਰ ਰਹਿਮਾਨ ਨੇ ਦੋਵਾਂ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਧਿਆਪਕ ਸਿਰਫ਼ ਗਿਆਨ ਦੇਣ ਵਾਲੇ ਨਹੀਂ, ਸਗੋਂ ਰਾਸ਼ਟਰ ਨਿਰਮਾਤਾ ਹੁੰਦੇ ਹਨ ਜੋ ਸਮਾਜ ਦੇ ਹਰ ਕੋਨੇ ਵਿੱਚ ਚਾਨਣ ਫੈਲਾਉਂਦੇ ਹਨ। ਉਨ੍ਹਾਂ ਕਿਹਾ ਕਿ “ਇਕ ਸੱਚਾ ਅਧਿਆਪਕ ਉਹ ਹੁੰਦਾ ਹੈ ਜੋ ਵਿਦਿਆਰਥੀ ਦੇ ਮਨ ਵਿੱਚ ਸਿਰਫ਼ ਅੱਖਰ ਨਹੀਂ, ਸੱਚਾਈ ਅਤੇ ਆਦਰਸ਼ ਵੀ ਉਕੇਰਦਾ ਹੈ।”

            ਵਿਧਾਇਕ ਨੇ ਕਿਹਾ ਕਿ ਮਾਲੇਰਕੋਟਲਾ ਦੇ ਅਧਿਆਪਕਾਂ ਨੇ ਸਾਬਤ ਕੀਤਾ ਹੈ ਕਿ ਜੇ ਜਜ਼ਬਾ, ਮਿਹਨਤ ਅਤੇ ਨਿਸ਼ਕਾਮ ਸੇਵਾ ਹੋਵੇ ਤਾਂ ਕਿਸੇ ਵੀ ਮੰਚ ’ਤੇ ਕਾਮਯਾਬੀ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਨੂੰ ਉੱਚ ਪੱਧਰ ’ਤੇ ਲੈ ਜਾਣ ਲਈ ਅਜਿਹੇ ਅਧਿਆਪਕ ਪ੍ਰੇਰਨਾ ਦਾ ਸਰੋਤ ਹਨ।

           ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਨੂੰ ਮਜ਼ਬੂਤ ਕਰਨ ਲਈ ਕਈ ਸਾਰਥਕ ਕਦਮ ਚੁੱਕੇ ਜਾ ਰਹੇ ਹਨ ਅਤੇ ਅਜਿਹੇ ਅਧਿਆਪਕ ਉਨ੍ਹਾਂ ਯਤਨਾਂ ਨੂੰ ਜ਼ਮੀਨ ’ਤੇ ਉਤਾਰ ਰਹੇ ਹਨ। ਵਿਧਾਇਕ ਨੇ ਵਿਸ਼ਵਾਸ ਜਤਾਇਆ ਕਿ ਮਾਲੇਰਕੋਟਲਾ ਜ਼ਿਲ੍ਹੇ ਦੇ ਸਕੂਲ ਭਵਿੱਖ ਵਿੱਚ ਹੋਰ ਵੱਡੀਆਂ ਸਫਲਤਾਵਾਂ ਹਾਸਲ ਕਰਨਗੇ। ਉਨ੍ਹਾਂ ਕਿਹਾ ਕਿ ਇਹ ਸਨਮਾਨ ਸਿਰਫ਼ ਦੋ ਵਿਅਕਤੀਆਂ ਦੀ ਜਿੱਤ ਨਹੀਂ, ਸਗੋਂ ਪੂਰੇ ਜ਼ਿਲ੍ਹੇ ਦੀ ਮਿਹਨਤ, ਵਿਸ਼ਵਾਸ਼ ਅਤੇ ਸਿੱਖਿਆ ਪ੍ਰਤੀ ਸਮਰਪਣ ਦਾ ਪ੍ਰਤੀਕ ਹੈ। ਅਧਿਆਪਕਾਂ ਦੀ ਇਹ ਪ੍ਰਾਪਤੀ ਨੌਜਵਾਨ ਪੀੜ੍ਹੀ ਨੂੰ ਸਿਖਾਉਂਦੀ ਹੈ ਕਿ ਸੇਵਾ, ਸੰਘਰਸ਼ ਤੇ ਸੰਸਕਾਰ ਹੀ ਸੱਚੀ ਸਫਲਤਾ ਦਾ ਰਾਹ ਹਨ।

             ਇਸ ਮੌਕੇ ਪੀ.ਏ. ਟੂ ਐਮ.ਐਲ.ਏ.ਗੁਰਮੁੱਖ ਸਿੰਘ, ਰਨਦੀਪ ਸਿੰਘ, ਸੋਸਲ ਮੀਡੀਆ ਇੰਚਾਰਜ ਯਾਸਰ ਅਰਫਾਤ,  ਬਲਾਕ ਕੁਆਡੀਨੇਟਰ ਨਸ਼ਾ ਮੁਕਤੀ ਮੋਰਚਾ ਯਾਸੀਨ ਨੇਸਤੀ,ਰਮਨਦੀਪ ਸਿੰਘ,ਜਤਿਨ ਗਰਗ,ਕੁਨਾਲ ਕਪੂਰ ਅਤੇ ਮੁਹੰਮਦ ਫੈਸਲ ਤੋਂ ਇਲਾਵਾ ਹੋਰ ਅਧਿਆਪਕ ਅਤੇ ਸਮਾਜ ਸੇਵੀ ਮੋਹਤਬਰ ਵੀ ਮੌਜੂਦ ਸਨ ।