ਕਿਸਾਨ ਪਰਾਲੀ ਸਾੜਣ ਦੀ ਥਾਂ, ਵਿਗਿਆਨਿਕ ਤਰੀਕਿਆਂ ਨਾਲ ਖੇਤਾਂ ਨੂੰ ਬਣਾਓ ਉਪਜਾਊ 

8
Farmers should make fields fertile

ਖੇਤੀਬਾੜੀ ਵਿਭਾਗ ਵੱਲੋਂ ਬਲਾਕ ਅਹਿਮਦਗੜ੍ਹ ਦੇ ਪਿੰਡਾਂ  ਵਿੱਚ ਜਾਗਰੂਕਤਾ ਕੈਂਪਾਂ ਦਾ ਸਿਲਸਿਲਾ ਜਾਰੀ                                ਝੋਨੇ ਦੀ ਪਰਾਲੀ ਨਾਲ ਮਿੱਟੀ ਬਣਦੀ ਸਿਹਤਮੰਦ, ਉਪਜਾਊ ਅਤੇ ਕਾਰਬਨ ਭਰਪੂਰ- ਖੇਤੀਬਾੜੀ ਮਾਹਿਰ                                ਪਿੰਡ ਸੰਦੋੜ, ਮਾਣਕੀ, ਕਸਬਾ ਭਰਾਲ ਵਿਖੇ ਖੇਤੀਬਾੜੀ ਮਾਹਿਰਾ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਨਾਲ ਨਾਲ ਵਿਗਿਆਨਿਕ ਤਰੀਕਿਆਂ ਨਾਲ ਇਸ ਦੇ ਪ੍ਰਬੰਧਨ ਬਾਰੇ  ਦਿੱਤੀ ਜਾਣਕਾਰੀ

ਮਾਲੇਰਕੋਟਲਾ, October 5 2025 Aj Di Awaaj

Punjab Desk:  ਡਿਪਟੀ ਕਮਿਸ਼ਨਰ ਮਾਲੇਰਕੋਟਲਾ ਵਿਰਾਜ ਐਸ.ਤਿੜਕੇ ਦੇ ਦਿਸ਼ਾ ਨਿਰਦੇਸਾਂ ਤਹਿਤ ਮੁੱਖ ਖੇਤੀਬਾੜੀ ਅਧਿਕਾਰੀ ਧਰਮਿੰਦਰਜੀਤ ਸਿੰਘ ਦੀ ਅਗਵਾਈ ਅਧੀਨ ਬਲਾਕ ਅਹਿਮਦਗੜ੍ਹ ਦੇ ਵੱਖ-ਵੱਖ ਪਿੰਡਾਂ ਵਿੱਚ ਝੋਨੇ ਦੀ ਪਰਾਲੀ ਦੇ ਯੋਗ ਪ੍ਰਬੰਧਨ ਸਬੰਧੀ ਕਿਸਾਨ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਦੇ ਤਹਿਤ ਪਿੰਡ ਸੰਦੋੜ, ਮਾਣਕੀ, ਕਸਬਾ ਭਰਾਲ ਆਦਿ ਵਿੱਚ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਨੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਨਾਲ ਨਾਲ ਵਿਗਿਆਨਿਕ ਤਰੀਕਿਆਂ ਨਾਲ ਇਸ ਦੇ ਪ੍ਰਬੰਧਨ ਬਾਰੇ ਜਾਣਕਾਰੀ ਸਾਂਝੀ ਕੀਤੀ।

ਵਿਭਾਗ ਦੇ ਬਲਾਕ ਟੈਕਨੋਲਾਜੀ ਮੈਨੇਜਰ ਮੁਹੰਮਦ ਜਮੀਲ ਨੇ ਕੈਂਪਾਂ ਦੌਰਾਨ ਕਿਸਾਨਾਂ ਨੂੰ ਸਮਝਾਇਆ ਕਿ ਪਰਾਲੀ ਨੂੰ ਖੇਤ ਵਿੱਚ ਮਿਲਾਉਣ ਨਾਲ ਮਿੱਟੀ ਦੀ ਗੁਣਵੱਤਾ ਵਿੱਚ ਸੁਧਾਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਮਿੱਟੀ ਵਿੱਚ ਜੈਵਿਕ ਕਾਰਬਨ ਦਾ ਵਾਧਾ ਹੁੰਦਾ ਹੈ, ਤੱਤਾਂ ਦੀ ਪੂਰਤੀ ਹੁੰਦੀ ਹੈ ਅਤੇ ਮਿੱਟੀ ਦੀ ਉਪਜਾਊ ਸਮਰੱਥਾ ਵਿੱਚ ਮਹੱਤਵਪੂਰਣ ਵਾਧਾ ਹੁੰਦਾ ਹੈ। ਇਹ ਪ੍ਰਕਿਰਿਆ ਮਿੱਟੀ ਨੂੰ ਜ਼ਿੰਦਾ ਅਤੇ ਖੇਤਾਂ ਨੂੰ ਹੋਰ ਉਤਪਾਦਕ ਬਣਾਉਂਦੀ ਹੈ।

ਇਸੇ ਤਰ੍ਹਾਂ ਟੈਕਨੋਲਾਜੀ ਮੈਨੇਜਰ ਮਨਦੀਪ ਸਿੰਘ ਚਹਿਲ ਨੇ ਮਿੱਟੀ ਦੀ ਜਾਂਚ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਮਿੱਟੀ ਦਾ ਸੈਂਪਲ ਲੈਣ ਦੀ ਵਿਧੀ ਦੱਸੀ ਅਤੇ ਕਿਹਾ ਕਿ ਮਿੱਟੀ ਟੈਸਟ ਨਾਲ ਖਾਦਾਂ ਦੀ ਸਹੀ ਮਾਤਰਾ ਨਿਰਧਾਰਤ ਕੀਤੀ ਜਾ ਸਕਦੀ ਹੈ, ਜਿਸ ਨਾਲ ਖਰਚੇ ਘਟਦੇ ਅਤੇ ਉਤਪਾਦਕਤਾ ਵਧਦੀ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਵਿੱਚ ਜ਼ਹਿਰੀਲੇ ਗੈਸ ਨਿਕਲਦੇ ਹਨ, ਜੋ ਮਨੁੱਖੀ ਸਿਹਤ, ਪਸ਼ੂ-ਪੰਛੀਆਂ ਅਤੇ ਮਿੱਟੀ ਤਿੰਨਾਂ ਲਈ ਹਾਨੀਕਾਰਕ ਹਨ। ਇਸ ਲਈ ਹਰ ਕਿਸਾਨ ਦਾ ਫ਼ਰਜ਼ ਹੈ ਕਿ ਉਹ ਅੱਗ ਸਾੜਨ ਦੀ ਥਾਂ ਆਧੁਨਿਕ ਤਕਨੀਕਾਂ ਵਰਤੇ, ਜਿਵੇਂ ਕਿ ਮਲਚਰ, ਹੈਪੀ ਸੀਡਰ, ਸੁਪਰ ਐਸ.ਐਮ.ਐਸ. ਆਦਿ।  ਖੇਤੀਬਾੜੀ ਵਿਭਾਗ ਵੱਲੋਂ ਇਹ ਵੀ ਅਪੀਲ ਕੀਤੀ ਗਈ ਕਿ ਸਾਰੇ ਕਿਸਾਨ ਸਬਸਿਡੀ ’ਤੇ ਉਪਲਬਧ ਮਸ਼ੀਨਾਂ ਦੀ ਵਰਤੋਂ ਕਰਕੇ ਪਰਾਲੀ ਦਾ ਯੋਗ ਪ੍ਰਬੰਧਨ ਕਰਨ ਅਤੇ ਹਰੇ-ਭਰੇ, ਪ੍ਰਦੂਸ਼ਣ ਰਹਿਤ ਪੰਜਾਬ ਦੀ ਨਿਰਮਾਣ ਯਾਤਰਾ ਵਿੱਚ ਸਹਿਭਾਗੀ ਬਣਨ।