ਪਿੰਡ ਰੂੜੇਕੇ ਅਤੇ ਧੌਲਾ ਵਿਖੇ ਕਿਸਾਨ ਮਿਲਣੀ

44

ਬਰਨਾਲਾ, 4 ਅਕਤੂਬਰ 2025 AJ DI Awaaj

Punjab Desk : ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤਾਂ ਵਿੱਚ ਹੀ ਉਸਦਾ ਪ੍ਰਬੰਧਨ ਕਰਨ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤੀ ਸੰਦ ਮੁਹੱਈਆ ਕਰਵਾਏ ਜਾ ਰਹੇ ਹਨ।

ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਨੇ ਇਸ ਗੱਲ ਦਾ ਪ੍ਰਗਟਾਵਾ ਅੱਜ ਰੂੜੇਕੇ ਅਤੇ ਧੌਲਾ ਪਿੰਡਾਂ ਵਿਖੇ ਕਿਸਾਨਾਂ ਵੀਰਾਂ ਨਾਲ ਮਿਲਣੀ ਦੌਰਾਨ ਕੀਤਾ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ ਕਿਸਾਨਾਂ ਲਈ ਪਰਾਲੀ ਪ੍ਰਬੰਧਨ ਲਈ ਹੁਣ ਤੱਕ 14 ਡੰਪਿੰਗ ਸਥਾਨਾਂ ਦੀ ਚੋਣ ਕਰ ਲਈ ਗਈ ਹੈ ਜਿੱਥੇ ਕਿਸਾਨ ਵੀਰ ਆਪਣੀ ਪਰਾਲੀ ਸੰਭਾਲ ਸੱਕਦੇ ਹਨ। ਇਨ੍ਹਾਂ ‘ਚ ਪਿੰਡ ਚੰਨਣਵਾਲ, ਹੰਡਿਆਇਆ, ਤਾਜੋਕੇ, ਰੂੜੇਕੇ ਖੁਰਦ, ਹਰੀਗੜ, ਕੋਟਦੂਨਾ, ਧੌਲਾ, ਗਿੱਲ ਕੋਠੇ (ਸਹਿਣਾ), ਭਦੌੜ, ਗਹਿਲ, ਭੈਣੀ ਜੱਸਾ, ਨਾਈਵਾਲਾ ਰੋਡ, ਜੋਗਾ ਜ਼ਿਲ੍ਹਾ ਮਾਨਸਾ (ਬਰਨਾਲਾ ਤੋਂ 10 ਕਿਲੋਮੀਟਰ) ਅਤੇ ਪੰਜਗਰਾਂਈ ਜ਼ਿਲ੍ਹਾ ਸੰਗਰੂਰ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨ ਵੀਰ ਆਪਣੀ ਲੋੜ ਅਨੁਸਾਰ ਇਨ੍ਹਾਂ ਥਾਵਾਂ ਉੱਤੇ ਪਰਾਲੀ ਦੀਆਂ ਪੰਡਾਂ ਸੰਭਾਲ ਸੱਕਦੇ ਹਨ । ਇਨ੍ਹਾਂ ਥਾਵਾਂ ਉੱਤੇ ਪਰਾਲੀ ਸੰਭਾਲਣ ਲਈ ਕਿਸਾਨਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਜਾਂ ਖੇਤੀਬਾੜੀ ਵਿਭਾਗ ਨਾਲ ਵੀ ਤਾਲਮੇਲ ਕੀਤਾ ਜਾ ਸਕਦਾ ਹੈ।

ਓਨ੍ਹਾਂ ਕਿਹਾ ਕਿ ਸਨਅਤਾਂ, ਬੇਲਰ ਮਾਲਕਾਂ ਜਾਂ ਪਰਾਲੀ ਇਕੱਠੀ ਕਰਨ ਵਾਲੀਆਂ ਧਿਰਾਂ ਨੂੰ ਪਰਾਲੀ ਡੰਪ ਲਈ ਕੁਝ ਪਿੰਡਾਂ ਵਿਚ ਜ਼ਮੀਨ ਦੀ ਜ਼ਰੂਰਤ ਹੈ, ਇਸ ਵਾਸਤੇ ਵੀ ਪੰਚਾਇਤਾਂ ਅੱਗੇ ਆਉਣ।

ਡੀ.ਸੀ. ਨੇ ਕਿਹਾ ਕਿ ਜਿਹੜੀਆਂ ਪੰਚਾਇਤਾਂ ਆਪਣੇ ਪਿੰਡ ਵਿੱਚ ਜ਼ੀਰੋ ਬਰਨਿੰਗ ਕਰਨਗੀਆਂ, ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਖ਼ਾਸ ਗ੍ਰਾਂਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

ਓਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਮਸ਼ੀਨਰੀ ਦੀ ਦਿੱਕਤ ਆਉਂਦੀ ਹੈ ਤਾਂ ਉਹ ਕੰਟਰੋਲ ਰੂਮ ਦੇ (ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਦੌਰਾਨ) ਨੰਬਰ 01679-233031 ਜਾਂ ਬਲਾਕ ਖੇਤੀਬਾੜੀ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਸਾਨ ਵੀਰਾਂ ਨੂੰ ਕਿਹਾ ਕਿ ਝੋਨੇ ਦੀ ਵਾਢੀ ਲਈ ਕੋਈ ਵੀ ਮਸ਼ੀਨ ਸੁਪਰ ਐੱਸ ਐਮ ਐੱਸ ਤੋਂ ਬਗ਼ੈਰ ਨਾ ਚਲਾਈ ਜਾਵੇ। ਸ਼ਾਮ 06.00 ਵਜੇ ਤੋਂ ਸਵੇਰੇ 10.00 ਵਜੇ ਤੱਕ ਕੰਬਾਇਨਾਂ ਨਾਲ ਜੀਰੀ ਦੀ ਕਟਾਈ ਨਾ ਕੀਤੀ ਜਾਵੇ ਅਤੇ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਬਲਕਿ ਮਸ਼ੀਨਰੀ ਦੀ ਵਰਤੋਂ ਕਰਕੇ ਪ੍ਰਬੰਧਨ ਕੀਤਾ ਜਾਵੇ।

ਓਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਿਸਾਨਾਂ ਲਈ 7 ਲੱਖ ਦਾ ਲੱਕੀ ਡਰਾਅ ਵੀ ਚਲਾਇਆ ਗਿਆ ਹੈ, ਜਿਸ ਵਾਸਤੇ ਕਿਸਾਨ 10 ਅਕਤੂਬਰ ਤੱਕ ਰਜਿਸਟ੍ਰੇਸ਼ਨ ਕਰ ਸਕਦੇ ਹਨ। ਓਨ੍ਹਾਂ ਦੱਸਿਆ ਕਿ ਇਸ ਵਾਸਤੇ ਕਿਸਾਨਾਂ ਨੇ ਲਿੰਕ https://pahunch.in/lucky_draw_registration_2025  ‘ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰਡ ਕਰਨਾ ਹੈ।

ਉਨ੍ਹਾਂ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਨੇ ਪਹਿਲਾਂ ਲੱਕੀ ਡਰਾਅ ਲਈ ਰਜਿਸਟਰੇਸ਼ਨ ਕੀਤੀ ਹੈ ਉਹ ਇਸ ਦੇ ਅਗਲੇ ਪੜਾਅ ਲਈ ਆਪਣੇ ਖੇਤ ਦੀਆਂ ਤਿੰਨ ਫੋਟੋਆਂ ਜਿਨ੍ਹਾਂ ਵਿੱਚ ਖੜੀ ਫਸਲ ਦੀ, ਫਸਲ ਦੀ ਕਟਾਈ ਵਾਲੇ ਦਿਨ ਦੀ ਅਤੇ ਪਰਾਲੀ ਦੀ ਸੰਭਾਲ ਸਮੇਂ ਦੀ ਲੋਕੇਸ਼ਨ ਵਾਲੀ ਅਪਡੇਟ ਕਰਨਗੇ ਤਾਂ ਜੋ ਰਜਿਸਟਰੇਸ਼ਨ ਪ੍ਰਕਿਰਿਆ ਪੂਰੀ ਹੋ ਸਕੇ ।

ਇਸ ਮੌਕੇ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਹਰਬੰਸ ਸਿੰਘ ਸਿੱਧੂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਸਾੜਨ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਖੇਤ ਵਿੱਚ ਰਲਾਉਣ ਨਾਲ ਮਿੱਟੀ ਦੀ ਗੁਣਵੱਤਾ ‘ਚ ਵਾਧਾ ਹੁੰਦਾ ਹੈ।

ਇਸ ਮੌਕੇ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਨੁੱਕੜ ਨਾਟਕ ਕਰਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ।

ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਬੰਸ ਸਿੰਘ ਸਿੱਧੂ, ਸਤਨਾਮ ਸਿੰਘ ਏ ਡੀ ਉ, ਸੁਨੀਤਾ ਰਾਣੀ ਨੋਡਲ ਅਫ਼ਸਰ ਪਰਾਲੀ, ਰੁਪਿੰਦਰ ਸਿੰਘ ਏ ਆਰ ਕੋਅਪਰੇਟਿਵ ਸੁਸਾਇਟੀ, ਬੀ.ਡੀ.ਪੀ.ਓ., ਪਿੰਡ ਦੇ ਸਰਪੰਚ, ਪੰਚ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

Kindly Like/Share/Follow/Subscribe DPRO Barnala’s Social Media Platforms;