ਪਰਾਲੀ ਪ੍ਰਬੰਧਨ ਲੱਕੀ ਡਰਾਅ ਲਈ ਰਜਿਸਟ੍ਰੇਸ਼ਨ ਦੀ ਤਰੀਕ ‘ਚ ਵਾਧਾ

39

ਬਰਨਾਲਾ, 1 ਅਕਤੂਬਰ 2025 AJ DI Awaaj

Punjab Desk :  ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਬਰਨਾਲਾ ਦੇ ਕਿਸਾਨਾਂ ਨੂੰ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਨੇ 7 ਲੱਖ ਰੁਪਏ ਦਾ ਲੱਕੀ ਡਰਾਅ ਸ਼ੁਰੂ ਕੀਤਾ ਹੈ ਜਿਸ ਦੀ ਰਜਿਸਟ੍ਰੇਸ਼ਨ ਤਰੀਕ ਵਿਚ ਵਾਧਾ ਕਰਦੇ ਹੋਏ ਇਹ ਤਰੀਕ 10 ਅਕਤੂਬਰ ਕਰ ਦਿੱਤੀ ਗਈ ਹੈ।
ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਆਈ ਏ ਐੱਸ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਉਸ ਦਾ ਵਾਤਾਵਰਣ ਪੱਖੀ ਨਿਬੇੜਾ ਕਰਨ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ 7 ਲੱਖ ਰੁਪਏ ਦਾ ਲੱਕੀ ਡਰਾਅ ਕੱਢਿਆ ਜਾਵੇਗਾ ਜਿਸ ਵਾਸਤੇ ਕਿਸਾਨ 10 ਅਕਤੂਬਰ ਤੱਕ ਰਜਿਸਟ੍ਰੇਸ਼ਨ ਕਰ ਸਕਦੇ ਹਨ।
ਓਨ੍ਹਾਂ ਦੱਸਿਆ ਕਿ ਪਹਿਲਾ ਲੱਕੀ ਡਰਾਅ 17 ਅਕਤੂਬਰ (ਸ਼ੁੱਕਰਵਾਰ) ਨੂੰ ਕੱਢਿਆ ਜਾਵੇਗਾ, ਜਿਸ ਵਿਚ 25 ਕਿਸਾਨਾਂ ਨੂੰ ਇਨਾਮ ਜਿੱਤਣ ਦਾ ਮੌਕਾ ਮਿਲੇਗਾ। ਪਹਿਲਾ ਇਨਾਮ 20,000 ਰੁਪਏ, ਦੂਸਰਾ ਇਨਾਮ 15,000 ਰੁਪਏ, ਤੀਸਰਾ ਇਨਾਮ 10,000 ਰੁਪਏ ਅਤੇ ਬਾਕੀ ਕਿਸਾਨ 2500-2500 ਰੁਪਏ ਦਾ ਇਨਾਮ ਜਿੱਤ ਸਕਣਗੇ। ਦੂਜਾ ਡਰਾਅ 24 ਅਕਤੂਬਰ, ਤੀਜਾ ਡਰਾਅ 31 ਅਕਤੂਬਰ, ਚੌਥਾ ਡਰਾਅ 7 ਨਵੰਬਰ, ਪੰਜਵਾਂ ਡਰਾਅ 14 ਨਵੰਬਰ, ਛੇਵਾਂ ਡਰਾਅ 21 ਨਵੰਬਰ ਤੇ ਸੱਤਵਾਂ ਡਰਾਅ 28 ਨਵੰਬਰ ਨੂੰ ਕੱਢਿਆ ਜਾਵੇਗਾ।


ਇਸ ਵਾਸਤੇ ਇੱਕ ਲਿੰਕ https://pahunch.in/lucky_draw_registration_2025 ਅਤੇ ਕਿਊ ਆਰ ਕੋਡ ਜਾਰੀ ਕੀਤਾ ਗਿਆ ਹੈ, ਜਿਸ ਰਾਹੀਂ ਕਿਸਾਨ ਇਸ ਲੱਕੀ ਡਰਾਅ ਲਈ ਅਪਲਾਈ ਕਰ ਸਕਦੇ ਹਨ। ਇਹ ਲਿੰਕ 7973975463 ‘ਤੇ ਵਟਸਐਪ ਰਾਹੀਂ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ।
ਓਨ੍ਹਾਂ ਦੱਸਿਆ ਕਿ ਪਹਿਲਾਂ ਕਿਸਾਨ ਨੇ ਆਪਣੇ ਆਪ ਨੂੰ ਰਜਿਸਟਰਡ ਕਰਨਾ ਹੈ ਅਤੇ ਇਸ ਮਗਰੋਂ ਜਦੋਂ ਝੋਨੇ ਦੀ ਵਾਢੀ ਕਰ ਲਈ ਤੇ ਖੇਤ ਤਿਆਰ ਕਰ ਲਿਆ, ਫਿਰ ਓਸੇ ਲਿੰਕ ‘ਤੇ ਜਾ ਕੇ ਫਾਲੋਅ ਅਪ ਫਾਰਮ ਭਰਨਾ ਹੈ ਤੇ ਤਸਵੀਰਾਂ ਅਪਲੋਡ ਕਰਨੀਆਂ ਹਨ। ਵਧੇਰੇ ਜਾਣਕਾਰੀ ਲਈ ਕਿਸਾਨਾਂ 79739-75463 ਨੰਬਰ ‘ਤੇ ਵਟਸਐਪ ਰਾਹੀਂ ਜਾਂ ਮੁੱਖ ਖੇਤੀਬਾੜੀ ਅਫ਼ਸਰ ਜਾਂ ਬਲਾਕ ਖੇਤੀਬਾੜੀ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਦੀ ਲੋੜ ਸਬੰਧੀ ਕੰਟਰੋਲ ਰੂਮ ਨੰਬਰ 01679-233031 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਓਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਜ਼ਿਲ੍ਹਾ ਬਰਨਾਲਾ ‘ਚ ਕੰਬਾਇਨਾਂ ਨਾਲ ਝੋਨੇ ਦੀ ਵਾਢੀ ਨਾ ਕੀਤੀ ਜਾਵੇ ਤੇ ਕੰਬਾਈਨ ਬਿਨਾਂ ਸੁਪਰ ਐੱਸ ਐਮ ਐੱਸ ਤੋਂ ਨਾ ਚਲਾਈ ਜਾਵੇ। ਮਸ਼ੀਨਰੀ ਦੀ ਸੁਚੱਜੀ ਵਰਤੋਂ ਕੀਤੀ ਜਾਵੇ ਅਤੇ ਪਰਾਲੀ ਨੂੰ ਅੱਗ ਨਾ ਲਾਈ ਜਾਵੇ। ਉਪਰੋਕਤ ਹਦਾਇਤਾਂ ਦੀ ਉਲੰਘਣਾ ‘ਤੇ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।