ਕੀਰਤਪੁਰ ਸਾਹਿਬ 29 ਸਤੰਬਰ 2025 AJ DI Awaaj
Punjab Desk : ਪੰਜਾਬ ਸਰਕਾਰ ਵੱਲੋ ਸੂਬੇ ਦੇ ਆਮ ਲੋਕਾਂ ਦੀ ਤੰਦਰੁਸਤ ਸਿਹਤ ਲਈ ਸਿਹਤ ਵਿਭਾਗ ਨੂੰ ਜਰੂਰੀ ਨਿਰਦੇਸ਼ ਦਿੱਤੇ ਗਏ ਹਨ। ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਵੀ ਲੋਕਾਂ ਦੀ ਸਿਹਤ ਸੁਧਾਰ ਤੇ ਸੁਰੱਖਿਆ ਲਈ ਉਪਰਾਲੇ ਕਰਨ ਦੇ ਨਿਰੰਤਰ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ।
ਸਿਹਤ ਮੰਤਰੀ ਪੰਜਾਬ ਡਾ.ਬਲਬੀਰ ਸਿੰਘ ਦੇ ਹੁਕਮਾਂ ਅਤੇ ਰੂਪਨਗਰ ਦੇ ਸਿਵਲ ਸਰਜਨ ਡਾਕਟਰ ਸੁਖਵਿੰਦਰਜੀਤ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਵੱਲੋਂ ਬਲਾਕ ਕੀਰਤਪੁਰ ਸਾਹਿਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਚੱਲ ਰਹੇ ਮੈਡੀਕਲ ਕੈਂਪ 6 ਅਕਤੂਬਰ ਤੱਕ ਜਾਰੀ ਰਹਿਣਗੇ।
ਸੀਨੀਅਰ ਮੈਡੀਕਲ ਅਫ਼ਸਰ ਇੰ: ਡਾਕਟਰ ਜੰਗਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਚੜ੍ਹਦੀ ਕਲਾ ਤਹਿਤ ਬਲਾਕ ਕੀਰਤਪੁਰ ਸਾਹਿਬ ਦੇ ਹੜ੍ਹਾਂ ਦੀ ਮਾਰ ਹੇਠਾਂ ਆਏ ਇਲਾਕਿਆਂ ਵਿਚ ਪੀ.ਐੱਚ.ਸੀ ਕੀਰਤਪੁਰ ਸਾਹਿਬ ਦੀ ਟੀਮ ਵੱਲੋਂ ਹੁਣ ਤੱਕ 600 ਤੋਂ ਵੱਧ ਕੈਂਪ ਲਾਏ ਗਏ ਹਨ। ਇਹਨਾਂ ਕੈਂਪਾਂ ਦੌਰਾਨ ਕ਼ਰੀਬ 6800 ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਅਤੇ ਸਿਹਤ ਸਹੂਲਤਾਂ ਉਪਲੱਬਧ ਕਰਵਾਈਆਂ ਗਈਆਂ। ਡਾਕਟਰ ਜੰਗਜੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਉਹਨਾਂ ਦੀ ਟੀਮ ਵੱਲੋਂ 8 ਹੜ੍ਹ ਪੀੜਤ ਵਿਅਕਤੀਆਂ ਨੂੰ ਪਾਣੀ ਵਿਚੋਂ ਸੁਰੱਖਿਅਤ ਕੱਢ ਕੇ ਉਹਨਾਂ ਨੂੰ ਮੌਕੇ ‘ਤੇ ਮੁੱਢਲੀ ਡਾਕਟਰੀ ਸਹਾਇਤਾ ਮੁੱਹਈਆ ਕਰਵਾਈ ਗਈ ਅਤੇ ਉਹਨਾਂ ਦੀ ਜਾਨ ਬਚਾ ਕੇ ਸੁਰੱਖਿਅਤ ਐੱਸ.ਡੀ.ਐੱਚ ਨੰਗਲ ਸ਼ਿਫਟ ਕੀਤਾ ਗਿਆ। ਇਹਨਾਂ ਮਰੀਜ਼ਾਂ ਵਿਚ 2 ਗਰਭਵਤੀ ਔਰਤਾਂ, ਸੱਪ ਦੇ ਡੰਗ ਤੋਂ ਪੀੜ੍ਹਤ ਵਿਅਕਤੀ, ਹਾਈ ਬੀ.ਪੀ ਅਤੇ ਹਾਈਪਰਟੈਂਸ਼ਨ ਦੇ ਮਰੀਜ਼ ਸ਼ਾਮਲ ਸਨ। ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਸਿਵਲ ਸਰਜਨ ਰੂਪਨਗਰ ਡਾਕਟਰ ਸੁਖਵਿੰਦਰਜੀਤ ਸਿੰਘ ਦੇ ਹੁਕਮਾਂ ਅਨੁਸਾਰ ਹੜ੍ਹਾਂ ਤੋਂ ਬਾਅਦ ਬਿਮਾਰੀਆਂ ਫ਼ੈਲਣ ਦੇ ਖ਼ਤਰੇ ਦੇ ਮੱਦੇਨਜ਼ਰ ਹੁਣ ਇਹ ਕੈਂਪ 6 ਅਕਤੂਬਰ ਤੱਕ ਜਾਰੀ ਰਹਿਣਗੇ। ਉਹਨਾਂ ਦੱਸਿਆ ਕਿ ਇਸਦੇ ਨਾਲ ਹੀ ਆਸ਼ਾ ਵਰਕਰਾਂ ਵੱਲੋਂ ਘਰ ਘਰ ਜਾ ਕੇ ਡੇਂਗੂ ਸਰਵੇ ਕਰਨ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ ਅਤੇ ਟੀਮ ਵੱਲੋਂ ਖੜ੍ਹੇ ਪਾਣੀ ਵਾਲੀਆਂ ਥਾਵਾਂ ‘ਤੇ ਲਾਰਵੇ ਸਾਈਡ ਦਵਾਈ ਅਤੇ ਕਾਲੇ ਤੇਲ ਦਾ ਛਿੜਕਾਅ ਵੀ ਕੀਤਾ ਜਾ ਰਿਹਾ ਹੈ।
ਸੀਨੀਅਰ ਮੈਡੀਕਲ ਅਫ਼ਸਰ ਇੰ: ਡਾਕਟਰ ਜੰਗਜੀਤ ਸਿੰਘ ਨੇ ਬਲਾਕ ਕੀਰਤਪੁਰ ਸਾਹਿਬ ਦੇ ਵੱਖ ਵੱਖ ਇਲਾਕਿਆਂ ਵਿਚ ਤੈਨਾਤ ਟੀਮਾਂ ਵੱਲੋਂ ਛੁੱਟੀ ਵਾਲੇ ਦਿਨ ਵੀ ਲੋਕਾਂ ਨੂੰ ਲਗਾਤਾਰ ਉੱਚ ਦਰਜੇ ਦੀਆਂ ਮੁਫ਼ਤ ਸਿਹਤ ਸਹੂਲਤਾਂ ਮੁੱਹਈਆ ਕਰਵਾਉਣ ਲਈ ਉਹਨਾਂ ਦੀ ਸੇਵਾ ਭਾਵਨਾ ਅਤੇ ਜਜ਼ਬੇ ਨੂੰ ਸਲਾਮ ਕੀਤਾ ਹੈ।
ਬਲਾਕ ਐਕਸਟੈਨਸ਼ਨ ਐਜੂਕੇਟਰ ਰਤਿਕਾ ਓਬਰਾਏ, ਮੈਡੀਕਲ ਅਫ਼ਸਰ ਡਾ.ਦਿਨੇਸ਼, ਡਾ. ਦੀਪਾਲੀ, ਐੱਸ.ਆਈ ਗੁਰਿੰਦਰ ਸਿੰਘ, ਸੀ.ਐੱਚ.ਓ ਰਾਜਿੰਦਰ ਕੌਰ, ਅਨੁਪ੍ਰੀਤ, ਮੇਧਾ, ਮਨਪ੍ਰੀਤ ਕੌਰ, ਏ.ਐੱਨ.ਐੱਮ ਸਨੇਹ ਲਤਾ, ਪੂਨਮ ਰਾਣੀ, ਮਲਟੀ ਪਰਪਜ਼ ਹੈਲਥ ਵਰਕਰ ਗੁਰਦੀਪ ਸਿੰਘ ਤੇ ਅਜੈ ਕੁਮਾਰ ਤੋਂ ਇਲਾਵਾ ਆਸ਼ਾ ਵਰਕਰ ਮੌਜੂਦ ਸਨ।














