ਸੀਜ਼ਨ ਮੌਕੇ ਫੂਡ ਸੇਫਟੀ ਟੀਮ ਵੱਲੋਂ ਖਾਣ-ਪੀਣ ਵਾਲੇ ਪਦਾਰਥਾਂ

52

ਮਾਲੇਰਕੋਟਲਾ, 27 ਸਤੰਬਰ 2025 AJ DI Awaaj

Punjab Desk : ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ, ਤਿਉਹਾਰੀ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਫੂਡ ਸੇਫਟੀ ਟੀਮ ਮਾਲੇਰਕੋਟਲਾ ਵੱਲੋਂ ਸ਼ਹਿਰ ਦੇ ਵੱਖ-ਵੱਖ ਖਾਣ-ਪੀਣ ਨਾਲ ਸੰਬੰਧਿਤ ਸੰਸਥਾਨਾਂ ਅਤੇ ਦੁਕਾਨਾਂ ਦੀ ਵਿਸਥਾਰਪੂਰਵਕ ਜਾਂਚ ਕੀਤੀ ਗਈ।

ਸਹਾਇਕ ਕਮਿਸ਼ਨਰ ਫੂਡ ਸੇਫਟੀ ਰਾਖੀ ਵਿਨਾਇਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਰੀਖਣ ਦੌਰਾਨ ਖਾਣੇ ਵਿੱਚ ਵਰਤੇ ਜਾਣ ਵਾਲੇ ਤੇਲ ਅਤੇ ਨਮਕੀਨ ਦੇ 3 ਐਨਫੋਰਸਮੈਂਟ ਸੈਂਪਲ ਇਕੱਠੇ ਕੀਤੇ ਗਏ ਹਨ। ਇਸ ਤੋਂ ਇਲਾਵਾ ਫਲ ਅਤੇ ਕੇਕ ਦੇ 4 ਸਰਵੇਲੈਂਸ ਸੈਂਪਲ ਭਰਕੇ ਸਟੇਟ ਫੂਡ ਲੈਬ, ਖ਼ਰੜ ਭੇਜੇ ਗਏ ਹਨ, ਜਿੱਥੇ ਇਨ੍ਹਾਂ ਦੀ ਵਿਗਿਆਨਕ ਜਾਂਚ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਤਿਉਹਾਰੀ ਮੌਸਮ ਦੌਰਾਨ ਮਿਠਾਈਆਂ, ਨਮਕੀਨ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਦੀ ਮੰਗ ਵਿੱਚ ਵਾਧਾ ਹੁੰਦਾ ਹੈ, ਜਿਸ ਕਾਰਨ ਗੁਣਵੱਤਾ ਅਤੇ ਸਫ਼ਾਈ ਸੰਬੰਧੀ ਮਾਪਦੰਡਾਂ ਦੀ ਪਾਲਣਾ ਹੋਣਾ ਬਹੁਤ ਜ਼ਰੂਰੀ ਹੈ। ਟੀਮ ਵੱਲੋਂ ਦੁਕਾਨਦਾਰਾਂ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਆਪਣੀਆਂ ਵਸਤਾਂ ਦੀ ਤਿਆਰੀ ਅਤੇ ਸਟੋਰੇਜ ਦੌਰਾਨ ਸਫ਼ਾਈ ਤੇ ਪੂਰਾ ਧਿਆਨ ਦੇਣ ਅਤੇ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਜਾਂ ਲਾਪਰਵਾਹੀ ਨਾ ਕਰਨ।

ਰਾਖੀ ਵਿਨਾਇਕ ਨੇ ਸਪਸ਼ਟ ਕੀਤਾ ਕਿ ਖਾਣ-ਪੀਣ ਵਾਲੀਆਂ ਵਸਤਾਂ ਵਿੱਚ ਗੁਣਵੱਤਾ ਮਾਪਦੰਡਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਖਾਣ-ਪੀਣ ਦੀਆਂ ਵਸਤਾਂ ਖ਼ਰੀਦਦਿਆਂ ਸਮੇਂ ਉਨ੍ਹਾਂ ਦੀ ਪੈਕਿੰਗ, ਮਿਆਦ ਸਮਾਪਤੀ ਅਤੇ ਲੇਬਲਿੰਗ ਦੀ ਪੂਰੀ ਜਾਂਚ ਕਰਨ। ਲੋਕਾਂ ਨੂੰ ਸਿਰਫ਼ ਲਾਇਸੈਂਸਸ਼ੁਦਾ ਦੁਕਾਨਾਂ ਤੋਂ ਹੀ ਸਮਾਨ ਖਰੀਦਣਾ ਚਾਹੀਦਾ ਹੈ ਤਾਂ ਜੋ ਉਹਨਾਂ ਦੀ ਸਿਹਤ ਸੁਰੱਖਿਅਤ ਰਹੇ।