ਕਿਸਾਨਾਂ ਦੀ ਸਹਿਯੋਗ ਨਾਲ ਪਰਾਲੀ ਪ੍ਰਬੰਧਨ ਬਣੇਗਾ ਵਾਤਾਵਰਣ ਬਚਾਅ

53

ਅਮਰਗੜ੍ਹ/ਮਾਲੇਰਕੋਟਲਾ, 25 ਸਤੰਬਰ 2025 AJ DI Awaaj

Punjab Desk :  ਮਾਰਕੀਟ ਕਮੇਟੀ ਅਮਰਗੜ੍ਹ ਚੇਅਰਮੈਨ ਹਰਪ੍ਰੀਤ ਸਿੰਘ ਹੈਪੀ ਨੰਗਲ ਵੱਲੋਂ ਆਯੋਜਿਤ ਵਿਸ਼ਾਲ ਮੀਟਿੰਗ ਵਿੱਚ ਕਿਸਾਨਾਂ, ਪੰਚਾਂ ਅਤੇ ਸਰਪੰਚਾਂ ਨੂੰ ਝੋਨੇ ਦੀ ਖਰੀਦ ਅਤੇ ਪਰਾਲੀ ਦੇ ਯੋਗ ਪ੍ਰਬੰਧਨ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਕਿਸਾਨ ਕੇਵਲ ਮੰਡੀਆਂ ਵਿੱਚ ਕੇਵਲ ਸੁੱਕਾ ਝੋਨਾ ਹੀ ਲਿਆਉਣਾ ਹੈ ਅਤੇ ਖੇਤਾਂ ਵਿੱਚ ਹੀ ਪਰਾਲੀ/ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਈ ਜਾਵੇ।

                 ਮਾਰਕੀਟ ਕਮੇਟੀ ਅਮਰਗੜ੍ਹ ਚੇਅਰਮੈਨ ਹਰਪ੍ਰੀਤ ਸਿੰਘ ਹੈਪੀ ਨੰਗਲ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਰੋਜ਼ਾਨਾ ਝੋਨੇ ਦੀ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਸਰਕਾਰ ਕਿਸਾਨਾਂ ਨੂੰ ਭਰੋਸਾ ਦਿਵਾ ਚੁੱਕੀ ਹੈ ਕਿ ਫਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ ਅਤੇ ਮੰਡੀਆਂ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਚੇਅਰਮੈਨ ਨੇ ਕਿਸਾਨਾਂ, ਆੜਤੀਆਂ ਅਤੇ ਹੋਰ ਪਿੰਡਾਂ ਨਾਲ ਸਬੰਧਤ ਨੁਮਾਇੰਦਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸਾਨਾਂ ਨੂੰ ਪ੍ਰੇਰਿਤ ਕਰਨ ਕਿ ਵਾਧੂ ਨਮੀ ਵਾਲਾ ਝੋਨਾ ਮੰਡੀਆਂ ਵਿੱਚ ਨਾ ਲਿਆਇਆ ਜਾਵੇ।

            ਚੇਅਰਮੈਨ ਹੈਪੀ ਨੰਗਲ ਨੇ ਸਪੱਸ਼ਟ ਕੀਤਾ ਕਿ ਕੰਬਾਇਨਾਂ ਨਾਲ ਕਟਾਈ ਸਿਰਫ਼ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਕੀਤੀ ਜਾਵੇ। ਰਾਤ ਸਮੇਂ ਕਟਾਈ ਨਾਲ ਨਮੀ ਵਧਦੀ ਹੈ, ਜਿਸ ਕਰਕੇ ਝੋਨੇ ਦੀ ਵਿਕਰੀ ਪ੍ਰਭਾਵਿਤ ਹੁੰਦੀ ਹੈ। ਇਸ ਲਈ ਸਾਰੇ ਕਿਸਾਨ ਸਮਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ ।

           ਜ਼ਿਲ੍ਹਾ ਮੀਡੀਆ ਇੰਚਾਰਜ  ਕਮ ਜ਼ਿਲ੍ਹਾ ਯੋਜਨਾ ਬੋਰਡ ਦੇ ਮੈਂਬਰ ਹਰਪ੍ਰੀਤ ਸਿੰਘ ਰੂਪਰਾਏ ਨੇ ਮੀਟਿੰਗ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਕਿਸਾਨ ਆਪਣੀ ਮਹਿਨਤ ਨਾਲ ਪੂਰੇ ਦੇਸ਼ ਦਾ ਢਿੱਡ ਭਰਦੇ ਹਨ। ਉਹ ਮੌਸਮੀ ਮਾਰ ਤੇ ਨੁਕਸਾਨ ਵੀ ਸਹਿੰਦੇ ਹਨ ਪਰ ਹਿੰਮਤ ਨਹੀਂ ਹਾਰਦੇ।ਰੂਪਰਾਏ ਨੇ ਕਿਹਾ ਕਿ ਅੱਗ ਸਿਰਫ਼ ਪਰਾਲੀ ਨਹੀਂ ਸਾੜਦੀ, ਸਗੋਂ ਮਾਂ ਧਰਤੀ ਦੀ ਉਪਜਾਊ ਸ਼ਕਤੀ, ਸਾਡੀ ਸਿਹਤ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਵੀ ਖ਼ਤਰੇ ਵਿੱਚ ਪਾਂਦੀ ਹੈ। ਪਰਾਲੀ ਸਾੜਨ ਨਾਲ ਹਵਾ ਜ਼ਹਿਰੀਲੀ ਹੁੰਦੀ ਹੈ, ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ‘ਤੇ ਬੁਰਾ ਅਸਰ ਪੈਂਦਾ ਹੈ ਅਤੇ ਪਾਣੀ ਦੇ ਸਰੋਤ ਵੀ ਪ੍ਰਦੂਸ਼ਿਤ ਹੁੰਦੇ ਹਨ।

             ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਨਾ ਸਾੜਨ ਨਾਲ ਇਹ ਖਾਦ, ਬਿਜਲੀ ਅਤੇ ਹੋਰ ਉਪਯੋਗੀ ਸਰੋਤਾਂ ਵਜੋਂ ਵਰਤੀ ਜਾ ਸਕਦੀ ਹੈ। ਸਰਕਾਰ ਵੱਲੋਂ ਸਬਸਿਡੀ ‘ਤੇ ਮਸ਼ੀਨਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਹਰ ਤਰੀਕੇ ਨਾਲ ਕਿਸਾਨਾਂ ਨੂੰ ਸਹੂਲਤ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਚੇਤਾਵਨੀ ਵੀ ਦਿੱਤੀ ਕਿ ਜੇ ਕੋਈ ਕਿਸਾਨ ਜਾਣ-ਬੁੱਝ ਕੇ ਪਰਾਲੀ ਸਾੜੇਗਾ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

                 ਇਸ ਮੌਕੇ ਸਰਪੰਚ ਪ੍ਰਭਦੀਪ ਸਿੰਘ ਬਾਗੜੀਆਂ, ਅੰਮ੍ਰਿਤਪਾਲ ਸਿੰਘ ਚੌਦਾ, ਪ੍ਰੀਆ ਵੈਦ ਸਮੇਤ ਕਈ ਹੋਰ ਪੰਚ-ਸਰਪੰਚ, ਆੜਤੀਆਂ ਅਤੇ ਹੋਰ ਪਿੰਡਾਂ ਨਾਲ ਸਬੰਧਤ ਨੁਮਾਇੰਦੇ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ। ਸਾਰਿਆਂ ਨੇ ਇਕਸੁਰ ਹੋ ਕੇ ਫੈਸਲਾ ਕੀਤਾ ਕਿ ਇਸ ਵਾਰ ਕਿਸਾਨਾਂ ਵੱਲੋਂ ਮੰਡੀਆਂ ਵਿੱਚ ਕੇਵਲ ਸੁੱਕਾ ਝੋਨਾ ਹੀ ਲਿਆਇਆ ਜਾਵੇਗਾ ਅਤੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਨਹੀਂ ਲਗਾਈ ਜਾਵੇਗੀ।