ਐਸ.ਡੀ.ਐਮ. ਅਤੇ “ਟੀਮ ਅਮਰਗੜ੍ਹ” ਕਿਸਾਨਾਂ ਨੂੰ ਪਰਾਲੀ ਦੇ ਯੋਗ ਪ੍ਰਬੰਧਨ

29

ਮਾਲੇਰਕੋਟਲਾ, 26 ਸਤੰਬਰ 2025 AJ DI Awaaj

Punjab Desk :  ਪਰਾਲੀ ਪ੍ਰਬੰਧਨ ਸਬੰਧੀ ਚਲ ਰਹੀ ਵਿਆਪਕ ਜਾਗਰੂਕਤਾ ਮੁਹਿੰਮ ਦੇ ਤਹਿਤ ਐਸ.ਡੀ.ਐਮ. ਅਮਰਗੜ੍ਹ ਸੁਰਿੰਦਰ ਕੌਰ ਦੀ ਅਗਵਾਈ ਹੇਠ “ਟੀਮ ਅਮਰਗੜ੍ਹ” ਵੱਲੋਂ ਪਿੰਡ ਸਲਾਰਾ, ਬਡਲਾ, ਮੁਲਾਬਧਾ, ਸਲੇਮਪੁਰ ਅਤੇ ਖੇੜੀ ਸੋਢੀਆਂ ਦੇ ਕਿਸਾਨਾਂ ਨਾਲ ਸੰਪਰਕ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਇਹ ਸੁਨੇਹਾ ਦਿੱਤਾ ਕਿ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸਦਾ ਯੋਗ ਪ੍ਰਬੰਧਨ ਕਰਨਾ ਹੀ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਨੁਮਾਇੰਦਿਆ ਤੋਂ ਇਲਾਵਾ ਤਹਿਸ਼ੀਲਦਾਰ ਲਵਪ੍ਰੀਤ ਸਿੰਘ ਤੇ ਧਰਮ ਸਿੰਘ ਵੀ ਮੋਜੂਦ ਸਨ ।

ਐਸ.ਡੀ.ਐਮ. ਨੇ ਕਿਹਾ ਕਿ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੇ ਨਿਰਦੇਸ਼ਾਂ ਅਨੁਸਾਰ ਸਬ ਡਵੀਜਨ ਦੇ ਹਰ ਪਿੰਡ ਵਿੱਚ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਅਤੇ ਸਿਹਤ ਨੂੰ ਹੋਣ ਵਾਲੇ ਨੁਕਸਾਨਾਂ ਤੋਂ ਸਚੇਤ ਕੀਤਾ ਜਾ ਸਕੇ ਉਨ੍ਹਾਂ ਨੇ ਕਿਹਾ ਕਿ ਸੁਰੱਖਿਅਤ ਵਾਤਾਵਰਣ ਸਾਡੀ ਧਰਤੀ ਦਾ ਵਿਰਸਾ ਹੈ ਅਤੇ ਇਸਦੀ ਰੱਖਿਆ ਲਈ ਹਰ ਕਿਸਾਨ ਦੀ ਭਾਗੀਦਾਰੀ ਲਾਜ਼ਮੀ ਹੈ।

ਟੀਮ ਵੱਲੋਂ ਕਿਸਾਨਾਂ ਨੂੰ ਦੱਸਿਆ ਗਿਆ ਕਿ ਅੱਗ ਨਾਲ ਨਾ ਸਿਰਫ ਹਵਾ ਪ੍ਰਦੂਸ਼ਿਤ ਹੁੰਦੀ ਹੈ, ਸਗੋਂ ਪੌਣ, ਪਾਣੀ ਅਤੇ ਮਿੱਟੀ ਦੀ ਉਪਜਾਊ ਤਾਕਤ ਵੀ ਬਰਬਾਦ ਹੁੰਦੀ ਹੈ। ਇਸ ਨਾਲ ਆਮ ਲੋਕਾਂ ਅਤੇ ਪਸ਼ੂ-ਪੰਛੀਆਂ ਦੀ ਸਿਹਤ ਉੱਤੇ ਵੀ ਬੁਰਾ ਅਸਰ ਪੈਂਦਾ ਹੈ। ਇਸ ਮੌਕੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਪਰਾਲੀ ਨੂੰ ਸਾੜਨ ਦੀ ਬਜਾਏ ਇਸਨੂੰ ਜ਼ਮੀਨ ਵਿੱਚ ਮਿਲਾ ਕੇ ਖੇਤੀਬਾੜੀ ਦੀ ਉਪਜਾਊ ਸ਼ਕਤੀ ਵਧਾਉਣ।

ਐਸ.ਡੀ.ਐਮ. ਨੇ ਜ਼ਿਕਰ ਕੀਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਹਾਇਤਾ ਲਈ ਕਾਫ਼ੀ ਮਸ਼ੀਨਰੀ ਅਤੇ ਸਬਸਿਡੀ ਉਪਲਬਧ ਕਰਵਾਈ ਗਈ ਹੈ। ਸਹਿਕਾਰੀ ਸਭਾਵਾਂ ਰਾਹੀਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਹਰ ਕਿਸਾਨ ਨੂੰ ਸਮੇਂ ਸਿਰ ਮਸ਼ੀਨਾਂ ਮਿਲ ਸਕਣ। ਉਨ੍ਹਾਂ ਨੇ “ਟੀਮ ਅਮਰਗੜ੍ਹ” ਦੇ ਮੈਂਬਰਾਂ ਨੂੰ ਪਿੰਡ ਪੱਧਰ ‘ਤੇ ਵੱਧ ਤੋਂ ਵੱਧ ਲੋਕ ਸੰਪਰਕ ਕਰਕੇ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੇ ਨਿਰਦੇਸ਼ ਦਿੱਤੇ।

ਇਸ ਮੌਕੇ ਪਿੰਡਾਂ ਦੇ ਪੰਚ-ਸਰਪੰਚਾਂ, ਨੰਬਰਦਾਰਾਂ ਅਤੇ ਅਗਾਂਹਵਧੂ ਕਿਸਾਨਾਂ ਨੇ ਵੀ ਪਰਾਲੀ ਨਾ ਸਾੜਨ ਅਤੇ ਜਾਗਰੂਕਤਾ ਫੈਲਾਉਣ ਲਈ ਆਪਣਾ ਯੋਗਦਾਨ ਪਾਉਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਮਿਲੀ-ਜੁਲੀ ਕੋਸ਼ਿਸ਼ਾਂ ਰਾਹੀਂ ਹੀ ਇਸ ਮੁਹਿੰਮ ਨੂੰ ਲੋਕ ਲਹਿਰ ਦਾ ਰੂਪ ਦਿੱਤਾ ਜਾ ਸਕਦਾ ਹੈ।