ਅੰਮ੍ਰਿਤਸਰ/ਅਜਨਾਲਾ, 22 ਸਤੰਬਰ 2025 AJ DI Awaaj
Punjab Desk : ਅਜਨਾਲਾ ਸੈਕਟਰ ਦੇ ਸਰਹੱਦੀ ਪਿੰਡਾਂ ਬੱਲ ਲਭੇ ਦਰਿਆ , ਕਮੀਰਪੁਰਾ, ਸਾਹੋਵਾਲ, ਆਦਿ ਪਿੰਡਾਂ ਦੀਆਂ ਕੌਮਾਂਤਰੀ ਰਾਵੀ ਦਰਿਆ ‘ਚ ਆਏ ਭਿਆਨਕ ਹੜ੍ਹ ਦੀ ਮਾਰ ਹੇਠ ਆਈਆਂ ਫਸਲਾਂ ਦਾ ਜਾਇਜ਼ਾ ਲੈਣ ਲਈ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਉਚੇਚੇ ਤੌਰ ਤੇ ਪੁੱਜੇ ਅਤੇ ਬੀਐਸਐਫ ਵਲੋਂ ਮੁਹੱਈਆ ਕਰਵਾਈ ਗਈ ਮੋਟਰ ਬੋਟ ਤੇ ਸਵਾਰ ਹੋ ਕੇ ਦਰਿਆ ਤੋਂ ਪਾਰ ਵੀ ਬਰਬਾਦ ਹੋਈਆਂ ਫਸਲਾਂ ਦਾ ਨਰੀਖਣ ਕੀਤਾ। ਨਰੀਖਣ ਦੌਰਾਨ ਸ. ਧਾਲੀਵਾਲ ਨੇ ਪ੍ਰਭਾਵਿਤ ਕਿਸਾਨਾਂ ਵਲੋਂ ਹੜ੍ਹ ਕਾਰਣ 10-10 ਫੁੱਟ ਰੇਤ ਤੇ ਗਾਰ ‘ਚ ਦੱਬੇ ਹੋਏ 6 ਟਰੈਕਟਰਾਂ ‘ਚੋਂ 3 ਟਰੈਕਟਰ ਮੌਕੇ ਤੇ ਹੀ ਰੇਤ ‘ਚੋਂ ਬਾਹਰ ਕੱਢਣ ਦੀ ਪ੍ਰਕਿਰਿਆ ਦੀ ਖੁੱਦ ਅਗਵਾਈ ਕੀਤੀ ਅਤੇ ਟਰੈਕਟਰਾਂ ਨੂੰ ਬੇੜੇ ‘ਚ ਲੱਦ ਕੇ ਦਰਿਆ ਦੇ ਤੇਜ਼ ਪਾਣੀ ਵਹਾਅ ਨੂੰ ਪਾਰ ਕਰਨ ਦੇ ਖਤਰਿਆਂ ਨਾਲ ਜੂਝਦੇ ਹੋਏ ਪਿੰਡ ਬੱਲ ਲਭੇ ਦਰਿਆ ਦੇ ਕਿਸਾਨ ਮਾਲਕਾਂ ਦੇ ਜਿੱਥੇ ਸਪੁਰਦ ਕੀਤੇ ਉਥੇ ਅਸਹਿ ਨੁਕਸਾਨ ਕਾਰਣ ਪ੍ਰਭਾਵਿਤ ਹੋਏ ਕਿਸਾਨਾਂ ਨੂੰ ਹੌਂਸਲਾ ਦਿੱਤਾ। ਹੜ੍ਹ ‘ਚ ਇਕ ਵੱਡਾ ਬੇੜਾ ਅਤੇ ਇਕ ਬੇੜੀ ਰੁੜ ਜਾਣ ਦੇ ਮੱਦੇਨਜ਼ਰ ਨਵਾਂ ਬੇੜਾ ਤੇ ਬੇੜੀ ਮੁਹੱਈਆ ਕਰਵਾਏ ਜਾਣ ਦੀ ਪ੍ਰਭਾਵਿਤ ਕਿਸਾਨਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਸ. ਧਾਲੀਵਾਲ ਨੇ ਆਪਣੀ ਨਿੱਜੀ ਜ਼ੇਬ ‘ਚੋਂ ਇਕ ਲੱਖ ਰੁਪਏ ਭੇਂਟ ਕਰਦਿਆਂ ਵਰਕਸ਼ਾਪ ਕਾਰੀਗਰਾਂ ਨੂੰ ਫੌਨ ਕਰਕੇ 2 ਹਫਤੇ ਵਿੱਚ ਵਿੱਚ ਨਵਾਂ ਬੇੜਾ ਤੇ ਬੇੜੀ ਪ੍ਰਭਾਵਤ ਕਿਸਾਨਾਂ ਨੂੰ ਸੌਂਪੇ ਜਾਣ ਦੇ ਨਿਰਦੇਸ਼ ਦਿੱਤੇ। ਪ੍ਰਭਾਵਿਤ ਕਿਸਾਨਾਂ ਵਲੋਂ ਦਰਿਆ ‘ਚ ਅਚਣਚੇਤ ਪਾਣੀ ਆਉਣ ਨਾਲ ਹੜ੍ਹ ਦੀ ਪੈਦਾ ਹੋਈਆਂ ਸਮੱਸਿਆਵਾਂ ਸੁਨਣ ਉਪਰੰਤ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਕੁਦਰਤੀ ਆਫਤ ‘ਚ ਉਪਰਲੇ ਪਹਾੜੀ ਖੇਤਰਾਂ ‘ਚ ਬੱਦਲ ਫਟਣ ਕਾਰਣ ਅੰਨੇ੍ਹਵਾਹ ਪੱਥਰਾਂ ਦੇ ਕਚਰੇ , ਲਾਲ ਮਿੱਟੀ, ਗਾਰ ਨਾਲ ਬੇਹਿਸਾਬੇ ਪਾਣੀ ਦੀ ਹੇਠਾਂ ਥੀਨ ਡੈਮ ਤੱਕ ਮਾਰ ਪੈਣ ਜਿਥੇ ਇੰਜੀਨੀਅਰਾਂ ਨੂੰ ਵੀ ਅੱਖ ਝਪਕਦਿਆਂ ਆਏ ਬੇਥਵੇ ਪਾਣੀ ਦੀ ਦਰਿਆ ਕੰਢੇ ਪੈਂਦੇ ਅਗਲੇ ਪਿੰਡਾਂ, ਕਸਬਿਆਂ ਨੂੰ ਅਗਾਊਂ ਸੂਚਨਾ ਦੇਣੀ ਅਸੰਭਵ ਸੀ। ਉਥੇ ਮੱਧੋਪੁਰ ਹੈਡਵਰਕਸ ਦੇ 3 ਫਲੱਡ ਗੇਟ ਟੁੱਟ ਜਾਣ ਦੇ ਵਰਤਾਰੇ ਦੀ ਉੱਚ ਤਾਕਤੀ ਜਾਂਚ ਕਰਨ ਲਈ ਸੂਬਾ ਮਾਨ ਸਰਕਾਰ ਨੇ 5 ਵਿਸ਼ੇਸ਼ ਮਾਹਿਰ ਇੰਜੀਨੀਅਰਾਂ ਤੇ ਅਧਾਰਿਤ ਇਕ ਜਾਂਚ ਕਮੇਟੀ ਬਿਠਾ ਕੇ ਗੇਟਾਂ ਦੇ ਟੁੱਟ ਕੇ ਰੁੜ ਜਾਣ ਦੇ ਢਾਂਚੇ, ਮਕੈਨੀਕਲ, ਜਲ ਵਿਗਿਆਨ, ਭੂਮੀ ਤਕਨੀਕੀ ਕਾਰਣਾ ਆਦਿ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤਾਂ ਜੋ ਭਵਿਖ ‘ਚ ਅਜਿਹੀ ਮੰਦਭਾਗੀ ਘਟਨਾ ਤੋਂ ਬਚਿਆ ਜਾ ਸਕੇ। ਜਦੋਂਕਿ ਅਣਗਹਿਲੀ ਵਰਤਣ ਦੇ ਇਲਜ਼ਾਮ ‘ਚ 3 ਅਧਿਕਾਰੀ ਪਹਿਲਾਂ ਹੀ ਮੁੱਅਤਲ ਕੀਤੇ ਜਾ ਚੁੱਕੇ ਹਨ।
ਸ. ਧਾਲੀਵਾਲ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਪੰਜਾਬ ਭਰ ‘ਚ ਦਰਿਆਵਾਂ ਕੰਢੇ ਹੜ੍ਹਾਂ ਕਾਰਣ ਕਿਸਾਨਾਂ ਦੀਆਂ ਉਪਜਾਊ ਜਮੀਨਾਂ ਦਰਿਆ ਬੁਰਦ(ਦਰਿਆ ‘ਚ ਰੁੜ ਜਾਣ) ਦਾ ਪ੍ਰਤੀ ਏਕੜ ਮੁੱਲ ਦੇਣ ਲਈ ਕੇਂਦਰੀ ਮੋਦੀ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਸਮੇਤ ਭਾਜਪਾ ਸੀਨੀਅਰ ਲੀਡਰਸ਼ਿਪ ਵਲੋਂ ਵੀ ਕੇਂਦਰੀ ਮੋਦੀ ਸਰਕਾਰ ਕੋਲੋਂ ਇਸ ਬਾਬਤ ਕੋਈ ਵਿਸ਼ੇਸ਼ ਪੈਕੇਜ਼ ਦਿਵਾਉਣ ਤੋਂ ਮੂੰਹ ਮੋੜ ਕੇ ਪੰਜਾਬ ਦੇ ਪ੍ਰਭਾਵਿਤ ਕਿਸਾਨਾਂ ਨਾਲ ਕਥਿਤ ਤੌਰ ਤੇ ਧ੍ਰੋਹ ਕਮਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪ੍ਰਭਾਵਿਤ ਕਿਸਾਨਾਂ ਅਨੁਸਾਰ ਪਿੰਡ ਬੱਲ ਲਭੇ ਦਰਿਆ ਦੀ ਕਰੀਬ 250 ਏਕੜ ਉਪਜਾਊ ਜਮੀਨ ਸਮੇਤ ਹਲਕਾ ਅਜਨਾਲਾ ‘ਚੋਂ ਵਹਿੰਦੇ ਰਾਵੀ ਦਰਿਆ ਵਲੋਂ ਅੰਦਾਜ਼ਨ 1000 ਏਕੜ ਜਮੀਨ ਨੂੰ ਦਰਿਆ ਬੁਰਦ ਕੀਤੇ ਜਾਣ ਨਾਲ ਪ੍ਰਭਾਵਿਤ ਕਿਸਾਨ ਆਪਣੀ ਗਾਇਬ ਹੋਈ ਜਮੀਨ ਨੂੰ ਲੱਭਣ ‘ਚ ਬੌਰੇ ਹੋਏ ਪਏ ਹਨ। ਉਨ੍ਹਾਂ ਨੇ ਕੇਂਦਰ ਸਰਕਾਰ ਤੇ ਜ਼ੋਰ ਦਿੱਤਾ ਕਿ ਦਰਿਆ ਬੁਰਦ ਹੋਈਆਂ ਜਮੀਨਾਂ ਦਾ ਪ੍ਰਭਾਵਿਤ ਕਿਸਾਨਾਂ ਨੂੰ ਘੱਟੋ ਘੱਟ 20 ਲੱਖ ਰੁਪਏ ਮੁਆਵਜੇ ਦੇ ਰੂਪ ‘ਚ ਮੁੱਲ ਦੀ ਅਦਾਇਗੀ ਕੀਤੀ ਜਾਵੇ। ਸ. ਧਾਲੀਵਾਲ ਨੇ ਇਹ ਵੀ ਦੱਸਿਆ ਕਿ 2 ਜੁਲਾਈ ਨੂੰ ਦਿੱਲੀ ਵਿਖੇ ਕੇਂਦਰੀ ਰਾਜ ਜ਼ਲ ਸਰੋਤ ਮੰਤਰੀ ਸੀ੍ਰ ਸੀ ਆਰ ਪਾਟਿਲ ਨਾਲ ਮੀਟਿੰਗ ਕਰਕੇ ਰਾਵੀ ਚੋਂ ਗਾਰ ਦੀ ਸਾਫ ਸਫਾਈ ਲਈ ਡੀ ਸਿਲਟਿੰਗ ਦੀ ਮੰਜੂਰੀ ਦੇਣ ਅਤੇ ਬੀਤੇ ‘ਚ ਆਏ ਹੜਾਂ ਦੌਰਾਨ ਦਰਿਆ ਬੁਰਦ ਹੋਈਆਂ ਜਮੀਨਾਂ ਦਾ ਮੁਆਵਜੇ ਦੇ ਰੂਪ ‘ਚ ਮੁੱਲ ਦੇਣ ਲਈ ਫੰਡ ਜਾਰੀ ਕਰਨ ਦਾ ਮਾਮਲਾ ਉਠਾਇਆ ਸੀ। ਕਿਉਂਕਿ ਇਹ ਮਾਮਲੇ ਕੇਂਦਰ ਸਰਕਾਰ ਅਧੀਨ ਹਨ।














