ਬਾਬਾ ਫਰੀਦ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ

59

ਫ਼ਰੀਦਕੋਟ, 22 ਸਤੰਬਰ 2025 Aj Di awaaj

Punjab Desk – ਮਹਾਨ ਸੂਫ਼ੀ ਸੰਤ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫੇਅਰ ਸੁਸਾਇਟੀ ਫ਼ਰੀਦਕੋਟ ਵੱਲੋਂ ਸ਼ੇਖ ਫਰੀਦ ਵੋਕੇਸ਼ਨਲ ਸੈਂਟਰ ਵਿੱਚ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਨੂੰ ਸਾਂਝ ਬਲੱਡ ਵੈਲਫੇਅਰ ਕਲੱਬ, ਭਾਈ ਘਨਈਆ ਯੂਥ ਕਲੱਬ ਫ਼ਰੀਦਕੋਟ ਅਤੇ ਕਿਸਾਨ ਯੂਨੀਅਨ ਏਕਤਾ ਫਤਿਹ ਵੱਲੋਂ ਸਹਿਯੋਗ ਪ੍ਰਾਪਤ ਹੋਇਆ।

ਕੈਂਪ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਮਨੁੱਖਤਾ ਦੀ ਸੇਵਾ ਦੇ ਉੱਚੇ ਮਾਪਦੰਡ ਸਥਾਪਿਤ ਕਰਦੇ ਹਨ।

ਸ. ਸੰਧਵਾ ਨੇ ਕਿਹਾ, “ਖੂਨਦਾਨ ਸਭ ਤੋਂ ਉੱਤਮ ਦਾਨ ਹੈ। ਇੱਕ ਬੂੰਦ ਖੂਨ ਕਿਸੇ ਮਰੀਜ਼ ਲਈ ਨਵੀਂ ਜ਼ਿੰਦਗੀ ਦਾ ਸੰਦੇਸ਼ ਲਿਆਉਂਦੀ ਹੈ। ਖੂਨਦਾਨ ਕਰਨਾ ਨਾ ਸਿਰਫ਼ ਲੋੜਵੰਦ ਦੀ ਜਾਨ ਬਚਾਉਂਦਾ ਹੈ, ਸਗੋਂ ਦਾਨੀ ਦੇ ਆਪਣੇ ਸਰੀਰ ਲਈ ਵੀ ਲਾਭਕਾਰੀ ਹੁੰਦਾ ਹੈ।”

ਉਨ੍ਹਾਂ ਨੇ ਆਯੋਜਕਾਂ ਅਤੇ ਖੂਨਦਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਬਾ ਫਰੀਦ ਜੀ ਦੀਆਂ ਸਿੱਖਿਆਵਾਂ ’ਤੇ ਤੁਰਦਿਆਂ ਜੇ ਅਸੀਂ ਆਪਸੀ ਪ੍ਰੇਮ, ਸੇਵਾ ਤੇ ਸਾਂਝ ਨੂੰ ਆਪਣਾ ਲਈਏ ਤਾਂ ਸਮਾਜ ਹੋਰ ਵੀ ਸੁੰਦਰ ਬਣ ਸਕਦਾ ਹੈ।

ਇਸ ਮੌਕੇ ਸੂਬਾ ਪ੍ਰਧਾਨ ਚਰਨਜੀਤ ਸਿੰਘ ਸਰਾਂ, ਕੇ.ਪੀ. ਸਿੰਘ ਸਰਾਂ, ਗੁਰਵਿੰਦਰ ਸਿੰਘ, ਜਸਵੀਰ ਸਿੰਘ ਸੰਨੀ, ਦਵਿੰਦਰਜੀਤ ਸਿੰਘ, ਇਕਬਾਲ ਸਿੰਘ, ਹਰਜੀਤ ਸਿੰਘ, ਬੀਰਇੰਦਰ ਸਿੰਘ ਅਤੇ ਤਰਸੇਮ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਖੂਨਦਾਨੀ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।