ਉਪ ਮੰਡਲ ਮੈਜਿਸਟ੍ਰੇਟਾਂ ਨੇ ਕੀਤਾ ਮੰਡੀਆਂ ਦਾ ਦੌਰਾ

33

ਬਰਨਾਲਾ, 17 ਸਤੰਬਰ 2025 Aj Di Awaaj

Punjab Desk : ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਦੇ ਨਿਰਦੇਸ਼ਾਂ ਅਨੁਸਾਰ ਉਪ ਮੰਡਲ ਮੈਜਿਸਟ੍ਰੇਟਾਂ ਵੱਲੋਂ ਝੋਨੇ ਦੀ ਖਰੀਦ ਸਬੰਧੀ ਆਪਣੇ-ਆਪਣੇ ਖੇਤਰ ਦੇ ਵੱਖ ਵੱਖ ਪਿੰਡਾਂ ਦੀਆਂ ਦਾਣਾ ਮੰਡੀਆਂ ਦਾ ਦੌਰਾ ਕੀਤਾ ਗਿਆ।

ਉਪ ਮੰਡਲ ਮੈਜਿਸਟ੍ਰੇਟ ਮਹਿਲ ਕਲਾਂ ਸ਼੍ਰੀ ਜੁਗਰਾਜ ਸਿੰਘ ਨੇ ਅੱਜ ਪਿੰਡ ਹਮੀਦੀ, ਠੁੱਲੀਵਾਲ, ਮਾਂਗੇਵਾਲ, ਮਨਾਲ, ਗੁਰਮ, ਗੁੰਮਟੀ, ਮੂੰਮ ਅਤੇ ਕਲਾਲ ਮਾਜਰਾ ਦੀਆਂ ਮੰਡੀਆਂ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਮੰਡੀਆਂ ਦੇ ਮੁੱਖ ਯਾਰਡ ਵਿਖੇ ਪਾਣੀ, ਸਫ਼ਾਈ, ਬਿਜਲੀ,ਟੁਆਇਲਟ ਅਤੇ ਛਾਂ ਆਦਿ ਦੇ ਪ੍ਰਬੰਧ ਸਬੰਧਿਤ ਮਾਰਕੀਟ ਕਮੇਟੀ ਵੱਲੋਂ ਮੁਕੰਮਲ ਕਰ ਲਏ ਗਏ ਹਨ। ਸਬ ਯਾਰਡ ਅਤੇ ਖਰੀਦ ਕੇਂਦਰਾਂ ਵਿਖੇ ਸਫ਼ਾਈ ਦਾ ਪ੍ਰਬੰਧ ਕਰ ਲਿਆ ਗਿਆ ਹੈ ਅਤੇ ਬਿਜਲੀ, ਪਾਣੀ, ਟੁਆਇਲਟ, ਛਾਂ ਆਦਿ ਦੇ ਪ੍ਰਬੰਧ ਆਮਦ ਆਉਣ ਤੋਂ ਪਹਿਲਾਂ ਮੁਕੰਮਲ ਕਰ ਲਏ ਜਾਣਗੇ।

ਇਸੇ ਤਰ੍ਹਾਂ ਉਪ ਮੰਡਲ ਮੈਜਿਸਟਰੇਟ, ਤਪਾ ਸ੍ਰੀ ਆਯੂਸ਼ ਗੋਇਲ ਨੇ ਅਨਾਜ ਮੰਡੀ, ਤਪਾ ਦਾ ਦੌਰਾ ਕੀਤਾ। ਇਸ ਮੌਕੇ ਸਕੱਤਰ ਮਾਰਕੀਟ ਕਮੇਟੀ, ਤਪਾ ਸ੍ਰੀ ਹਰਦੀਪ ਸਿੰਘ ਗਿੱਲ ਮੌਜੂਦ ਸਨ। ਐਸ.ਡੀ.ਐਮ ਤਪਾ ਵੱਲੋਂ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਅਨਾਜ ਮੰਡੀਆਂ ਵਿੱਚ ਸਾਫ਼-ਸਫ਼ਾਈ, ਬਾਥਰੂਮਾਂ ਦੀ ਸਫ਼ਾਈ ਆਦਿ ਦਾ ਪ੍ਰਬੰਧ ਕਰਨ ਦੇ ਆਦੇਸ਼ ਦਿੱਤਾ ਗਿਆ।

ਉੱਪ ਮੰਡਲ ਮਜਿਸਟ੍ਰੇਟ ਬਰਨਾਲਾ ਮੈਡਮ ਸੋਨਮ ਨੇ ਬਰਨਾਲਾ, ਹੰਡਿਆਇਆ ਅਤੇ ਖੁੱਡੀ ਕਲਾਂ ਦਾ ਦੌਰਾ ਕੀਤਾ ਜਿਥੇ ਉਨ੍ਹਾਂ ਖ਼ਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਨਿਰਦੇਸ਼ ਦਿੱਤੇ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਰਪੇਸ਼ ਨਾ ਆਵੇ।