ਨਰਮੇ ਦੀ ਫ਼ਸਲ ਦੇ ਲਗਾਤਾਰ ਨਿਰੀਖ਼ਣ ਦਾ ਸਮਾਂ

33

ਸ੍ਰੀ ਮੁਕਤਸਰ ਸਾਹਿਬ, 16 ਸਤੰਬਰ 2025 AJ DI Awaaj

 Punjab Desk : ਜਸਵੰਤ ਸਿੰਘ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਰਮਾ ਪੱਟੀ ਜ਼ਿਲ੍ਹਿਆਂ ਵਿੱਚ ਨਰਮੇਂ/ਕਪਾਹ ਦੀ ਫ਼ਸਲ ਨੂੰ ਕਾਮਯਾਬ ਕਰਨ ਲਈ ਕੀਟ ਸਰਵੇਖਣ ਅਤੇ ਹੋਰ ਗਤੀਵਿਧੀਆਂ ਦੀ ਮੋਨੀਟਰਿੰਗ ਕਰਨ ਲਈ ਗਠਿਤ ਤਿੰਨ ਮੈਂਬਰੀ ਕਮੇਟੀ ਜਿਸ ਵਿੱਚ ਡਾ: ਚਰਨਜੀਤ ਸਿੰਘ ਡਿਪਟੀ ਡਾਇਰੈਕਟਰ ਖੇਤੀਬਾੜੀ(ਕਪਾਹ), ਸ੍ਰੀ ਮੁਕਤਸਰ ਸਾਹਿਬ ਟੀਮ ਇੰਚਾਰਜ਼ ਹਨ, ਡਾ: ਯਾਦਵਿੰਦਰ ਸਿੰਘ ਏ.ਐਮ.ਓ. ਫਰੀਦਕੋਟ ਅਤੇ ਡਾ: ਅਮਨ ਕੇਸ਼ਵ ਪੀ.ਡੀ.(ਆਤਮਾ)ਫਰੀਦਕੋਟ ਬਤੌਰ ਮੈਂਬਰ ਹਨ, ਵੱਲੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਪਿੰਡ ਕੋਟਭਾਈ, ਗਿੱਦੜਬਾਹਾ, ਦੌਲਾ, ਪਿਉਰੀ ਅਤੇ ਜੰਡਵਾਲਾ ਆਦਿ ਦੇ ਵੱਖ-ਵੱਖ ਖੇਤਾਂ ਵਿੱਚ ਨਰਮੇ ਦੀ ਫ਼ਸਲ ਦਾ ਸਰਵੇਖਣ ਕੀਤਾ ਗਿਆ। ਸਰਵੇਖਣ ਦੌਰਾਨ ਚਿੱਟੀ ਮੱਖੀ ਦਾ ਹਮਲਾ ਈ.ਟੀ.ਐਲ (ਵਿੱਤੀ ਨੁਕਸਾਨ ਦੇ ਪੱਧਰ) ਤੋਂ ਘੱਟ ਪਾਇਆ ਗਿਆ ਅਤੇ ਕਿਸੇ ਵੀ ਖੇਤ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਨੂੰ ਨਹੀਂ ਮਿਲਿਆ।

ਇਸ ਮੌਕੇ ਡਾ: ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਦੱਸਿਆ ਕਿ ਫਿਲਹਾਲ ਨਰਮੇ ਦੀ ਫ਼ਸਲ ਉਪਰ ਕਿਸੇ ਵੀ ਕੀਟ ਜਾਂ ਬਿਮਾਰੀ ਦਾ ਹਮਲਾ ਆਰਥਿਕ ਕਗਾਰ ਤੋਂ ਘੱਟ ਦੇਖਣ ਨੂੰ ਮਿਲ ਰਿਹਾ ਹੈ, ਪ੍ਰੰਤੂ ਕਿਸਾਨ ਰੋਜ਼ਾਨਾ ਆਪਣੇ ਖੇਤਾਂ ਦਾ ਸਰਵੇਖਣ ਜ਼ਰੂਰ ਕਰਨ ਅਤੇ ਖੇਤੀਬਾੜੀ ਵਿਭਾਗ ਦੇ ਕਰਮਚਾਰੀਆਂ ਨਾਲ ਰਾਬਤਾ ਕਾਇਮ ਰੱਖਣ।

  ਇਸ ਉਪਰੰਤ ਖੇਤੀਬਾੜੀ ਅਧਿਕਾਰੀਆਂ ਨਾਲ ਨਰਮੇ ਦੀ ਫ਼ਸਲ ਸਬੰਧੀ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਕਰਦਿਆਂ ਡਾ: ਗਿੱਲ ਵੱਲੋਂ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅੰਦਰ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਕਿਸਾਨਾਂ ਨੂੰ ਪੀ.ਏ.ਯੂ ਲੁਧਿਆਣਾ ਦੀਆਂ ਸਿ਼ਫਾਰਸ਼ਾਂ ਅਨੁਸਾਰ ਕੀਟਨਾਸ਼ਕ ਦਵਾਈਆਂ ਦੀ ਸਿਫਾਰਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀ ਹੋਈ ਲਗਾਤਾਰ ਬਾਰਿਸ਼ ਨਾਲ ਜ਼ਿਲ੍ਹੇ ਅੰਦਰ ਕੁਝ ਰਕਬਾ ਪ੍ਰਭਾਵਿਤ ਹੋਇਆ ਹੈ ਜਿਸ ਦੀ ਪੰਜਾਬ ਸਰਕਾਰ ਵੱਲੋਂ ਸਪੈਸ਼ਲ ਗਿਰਦਾਵਰੀ ਕਰਵਾਈ ਜਾ ਰਹੀ ਹੈ। ਮੀਟਿੰਗ ਦੌਰਾਨ ਡਾ: ਸੁਖਜਿੰਦਰ ਸਿੰਘ ਅਤੇ ਡਾ: ਕਰਨਜੀਤ ਸਿੰਘ ਪੀ.ਡੀ(ਆਤਮਾ) ਵੱਲੋਂ ਨਰਮੇ ਦੀ ਫ਼ਸਲ ਦੀ ਸਾਂਭ ਸੰਭਾਲ ਅਤੇ ਫ਼ਸਲ ਲਈ ਵਰਤੇ ਜਾਣ ਵਾਲੇ ਲੋੜੀਂਦੇ ਖੁਰਾਕੀ ਤੱਤਾਂ ਸਬੰਧੀ ਖੇਤੀਬਾੜੀ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਗਈ ਤਾਂ ਜੋ ਇਹ ਜਾਣਕਾਰੀ ਲਗਾਏ ਜਾ ਰਹੇ ਕੈਂਪਾਂ ਜ਼ਰੀਏ ਨਰਮੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਤੱਕ ਪੁੱਜਦੀ ਹੋ ਸਕੇ।  ਮੀਟਿੰਗ ਦੌਰਾਨ ਡਾ: ਚਰਨਜੀਤ ਸਿੰਘ ਵੱਲੋਂ ਹਾਜ਼ਰੀਨ ਖੇਤੀਬਾੜੀ ਅਧਿਕਾਰੀਆਂ ਨੂੰ ਨਰਮੇ ਦੀ ਫ਼ਸਲ ਸਬੰਧੀ ਹੋਰ ਲੋੜੀਂਦੇ ਯਤਨ ਕਰਨ ਲਈ ਕਿਹਾ ਗਿਆ। ਅੰਤ ਵਿੱਚ ਡਾ: ਗਿੱਲ ਨੇ ਦੱਸਿਆ ਕਿ ਕਿਸੇ ਵੀ ਸਮੱਸਿਆ ਲਈ ਕਿਸਾਨ ਹੈਲਪ ਡੈਸਕ ਨੰਬਰ 98781—66287 ਤੇ ਸੰਪਰਕ ਕਰਨ।