ਭਰਤਗੜ੍ਹ 11 ਸਤੰਬਰ 2025 AJ DI Awaaj
Punjab Desk : ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਹਰ ਨਾਗਰਿਕ ਨੂੰ ਰਾਹਤ ਪਹੁੰਚਾਉਣ ਲਈ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ.ਹਰਜੋਤ ਸਿੰਘ ਬੈਂਸ ਨੇ ਬੜਾ ਪਿੰਡ ਅੱਪਰ ਦੀ ਪਹਾੜੀ ਕੇ ਹੋਏ ਕਟਾਅ ਦਾ ਦੌਰਾ ਕੀਤਾ ਅਤੇ ਵਸਨੀਕਾਂ ਨੂੰ ਭਰੋਸਾ ਦਵਾਇਆ ਕਿ ਹੜ੍ਹ ਦੌਰਾਨ ਟੁੱਟੇ ਸਾਰੇ ਮਕਾਨ ਜਲਦੀ ਮੁਰੰਮਤ ਕੀਤੇ ਜਾਣਗੇ।
ਸ.ਬੈਂਸ ਨੇ ਕੱਲ੍ਹ ਸ਼ਾਮ ਪਿੰਡ ਬੜਾ ਪਿੰਡ ਅੱਪਰ ਵਿੱਚ ਪਹੁੰਚ ਕੇ ਨੁਕਸਾਨ ਦਾ ਖੁਦ ਜਾਇਜ਼ਾ ਲਿਆ। ਪਿੰਡ ਵਿੱਚ ਭਾਰੀ ਬਾਰਿਸ਼ ਅਤੇ ਹੜ੍ਹ ਕਾਰਨ ਲਗਭਗ 35 ਮਕਾਨ ਪ੍ਰਭਾਵਿਤ ਹੋਏ ਸਨ। ਉਨ੍ਹਾਂ ਨੇ ਦੱਸਿਆ ਕਿ ਜਦੋਂ ਤੱਕ ਮਕਾਨ ਮੁੜ ਤਿਆਰ ਨਹੀਂ ਹੋ ਜਾਂਦੇ, ਵਸਨੀਕਾਂ ਨੂੰ ਸਥਾਨਕ ਧਰਮਸਾਲਾ ਅਤੇ ਰਾਹਤ ਕੈਂਪਾਂ ਵਿੱਚ ਰੱਖਿਆ ਗਿਆ ਹੈ ਅਤੇ ਪੰਜਾਬ ਸਰਕਾਰ ਵੱਲੋਂ ਤੁਰੰਤ ਮੁਰੰਮਤ ਤੇ ਪੁਨਰਵਾਸ ਲਈ ਕਦਮ ਚੁੱਕੇ ਜਾ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਨੂੰ ਜਰੂਰੀ ਸਾਮਾਨ ਮੁਹੱਈਆ ਕਰਾਇਆ ਜਾ ਰਿਹਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਹੜ੍ਹ ਕਾਰਨ ਹੋਈ ਮਿੱਟੀ ਦੀ ਕਟਾਈ ਅਤੇ ਫਸਲਾਂ ਨੂੰ ਨੁਕਸਾਨ ਸਥਾਨਕ ਲੋਕਾਂ ਲਈ ਵਾਧੂ ਖਤਰੇ ਪੈਦਾ ਕਰ ਰਹੇ ਹਨ, ਇਸ ਲਈ ਤੁਰੰਤ ਰਾਹਤ ਦੇਣਾ ਬਹੁਤ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ ਅਤੇ ਉਹਨਾਂ ਦਾ ਆਪਣਾ ਪਰਿਵਾਰ, ਰਿਸ਼ਤੇਦਾਰ ਅਤੇ ਸਹਿਯੋਗੀ ਵੀ ਇਲਾਕੇ ਦੇ ਲੋਕਾਂ ਦੀ ਜ਼ਿੰਦਗੀ ਮੁੜ ਲੀਹ ਤੇ ਲਿਆਉਣ ਵਿੱਚ ਯੋਗਦਾਨ ਪਾ ਰਹੇ ਹਨ।
ਸ. ਬੈਂਸ ਨੇ ਭਰਤਗੜ੍ਹ -ਪੰਜੇਹਰਾ ਰੋਡ ਦਾ ਵੀ ਜਾਇਜ਼ਾ ਲਿਆ, ਜੋ ਪੰਜਾਬ ਨੂੰ ਹਿਮਾਚਲ ਪ੍ਰਦੇਸ਼ ਨਾਲ ਜੋੜਦਾ ਹੈ ਅਤੇ ਹੜ੍ਹ ਦੌਰਾਨ ਬਹੁਤ ਖਰਾਬ ਹੋ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਰੋਡ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਜਲਦ ਹੀ ਇਹ ਪੂਰੀ ਤਰ੍ਹਾਂ ਠੀਕ ਕਰ ਦਿੱਤਾ ਜਾਵੇਗਾ, ਜਿਸ ਨਾਲ ਵਸਨੀਕਾਂ ਦੀ ਆਵਾਜਾਈ ਆਸਾਨ ਹੋ ਜਾਵੇਗੀ।
ਇਸ ਤੋਂ ਇਲਾਵਾ, ਮੰਤਰੀ ਜੀ ਨੇ ਬੜਾ ਪਿੰਡ ਅੱਪਰ ਦੇ ਸਰਕਾਰੀ ਮਿਡਲ ਸਕੂਲ ਦਾ ਵੀ ਦੌਰਾ ਕੀਤਾ, ਜਿੱਥੇ ਮਿੱਟੀ ਕਟਾਈ ਕਾਰਨ ਸਕੂਲ ਦੇ ਇੱਕ ਹਿੱਸੇ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਭਰੋਸਾ ਦਵਾਇਆ ਕਿ ਇਸਦੀ ਮੁਰੰਮਤ ਦੇ ਕੰਮ ਨੂੰ ਤਰਜੀਹ ਦੇ ਕੇ ਕਰਵਾਇਆ ਜਾਵੇਗਾ। ਸ.ਬੈਂਸ ਨੇ ਸੇਵਾਦਾਰਾਂ, ਸਥਾਨਕ ਵਸਨੀਕਾਂ, ਪੰਚ-ਸਰਪੰਚਾਂ ਅਤੇ ਨੌਜਵਾਨਾਂ ਦਾ ਇਸ ਮੁਸ਼ਕਿਲ ਘੜੀ ਵਿੱਚ ਸਹਿਯੋਗ ਲਈ ਧੰਨਵਾਦ ਵੀ ਕੀਤਾ।
ਇਸ ਮੌਕੇ ਜੁਝਾਰ ਸਿੰਘ ਆਸਪੁਰ ਮੈਂਬਰ ਸੈਣੀ ਵੈਲਫੇਅਰ ਬੋਰਡ ਪੰਜਾਬ, ਸੁਖਵਿੰਦਰ ਸਿੰਘ ਭਾਓਵਾਲ, ਹਰਵਿੰਦਰ ਸਿੰਘ, ਸੁਰਜੀਤ ਸਿੰਘ ਸਰਪੰਚ, ਹਰਦੀਪ ਸਿੰਘ ਸਰਪੰਚ, ਸੁਖਵਿੰਦਰ ਸਿੰਘ ਸੋਢੀ, ਸੰਜੀਵ ਗਰਗ ਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।














