ਵੇਰਕਾ ਮਿਲਕ ਪਲਾਂਟ ਹੁਸ਼ਿਆਰਪੁਰ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਭੇਜੀ ਤਿੰਨ ਟਰੱਕ ਰਾਹਤ ਸਮੱਗਰੀ

34

ਹੁਸ਼ਿਆਰਪੁਰ, 9 ਸਤੰਬਰ 2025 AJ DI Awaaj

Punjab Desk : ਪੰਜਾਬ ਵਿਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਮਿਲਕਫ਼ੈੱਡ ਪੰਜਾਬ ਲਗਾਤਾਰ ਰਾਹਤ ਸਮੱਗਰੀ ਪ੍ਰਦਾਨ ਕਰ ਰਿਹਾ ਹੈ। ਇਸ ਸਬੰਧ ਵਿਚ ਅੱਜ ਵੇਰਕਾ ਮਿਲਕ ਪਲਾਂਟ, ਹੁਸ਼ਿਆਰਪੁਰ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਸਮੱਗਰੀ ਦੇ ਤਿੰਨ ਟਰੱਕ ਰਵਾਨਾ ਕੀਤੇ ਗਏ। ਰਾਹਤ ਸਮੱਗਰੀ ਨੂੰ ਮਿਲਕਫੈੱਡ ਪੰਜਾਬ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸ਼ੇਰਗਿੱਲ ਨੇ ਕਿਹਾ ਕਿ ਇਨ੍ਹਾਂ ਟਰੱਕਾਂ ਰਾਹੀਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਤੱਕ ਸੁੱਕਾ ਰਾਸ਼ਨ ਪਹੁੰਚਾਇਆ ਜਾਵੇਗਾ। ਹਰੇਕ ਪਰਿਵਾਰ ਲਈ ਇਕ ਰਾਹਤ ਕਿੱਟ ਤਿਆਰ ਕੀਤੀ ਗਈ ਹੈ, ਜਿਸ ਵਿਚ ਆਟਾ, ਦਾਲਾਂ, ਚੌਲ, ਖੰਡ, ਨਮਕ, ਸੁੱਕਾ ਦੁੱਧ ਅਤੇ ਹੋਰ ਜ਼ਰੂਰੀ ਖਾਣ-ਪੀਣ ਦੀਆਂ ਚੀਜ਼ਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਹ ਕਦਮ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਚੁੱਕਿਆ ਗਿਆ ਹੈ।
ਚੇਅਰਮੈਨ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨਾ ਮਿਲਕਫੈੱਡ ਦੀ ਤਰਜ਼ੀਹ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੇਰਕਾ ਵੱਲੋਂ ਮੋਹਾਲੀ, ਜਲੰਧਰ ਅਤੇ ਸੰਗਰੂਰ ਤੋਂ ਵੀ ਰਾਸ਼ਨ ਸਮੱਗਰੀ ਲੈ ਕੇ ਜਾਣ ਵਾਲੇ ਵਾਹਨ ਭੇਜੇ ਜਾ ਚੁੱਕੇ ਹਨ। ਆਉਣ ਵਾਲੇ ਦਿਨਾਂ ਵਿਚ ਪਟਿਆਲਾ, ਗੁਰਦਾਸਪੁਰ ਅਤੇ ਅੰਮ੍ਰਿਤਸਰ ਤੋਂ ਵੀ ਇਸੇ ਤਰ੍ਹਾਂ ਦੀ ਰਾਹਤ ਸਮੱਗਰੀ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਵੇਰਕਾ ਦੇ ਕਰਮਚਾਰੀਆਂ ਨੇ ਵੀ ਇਸ ਰਾਹਤ ਕਾਰਜ ਵਿਚ ਆਪਣੀਆਂ ਤਨਖਾਹਾਂ ਵਿਚੋਂ ਯੋਗਦਾਨ ਪਾਇਆ ਹੈ, ਜੋ ਕਿ ਸ਼ਲਾਘਾਯੋਗ ਹੈ।
ਨਰਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਮਿਲਕਫੈੱਡ ਪੰਜਾਬ ਨਾ ਸਿਰਫ਼ ਕਿਸਾਨਾਂ ਅਤੇ ਦੁੱਧ ਉਤਪਾਦਕਾਂ ਦੀ ਭਲਾਈ ਲਈ ਸਗੋਂ ਸੰਕਟ ਦੀ ਹਰ ਘੜੀ ਵਿਚ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਯਤਨ ਮਿਲਕਫੈੱਡ ਦੀ ਸਮਾਜਿਕ ਜ਼ਿੰਮੇਵਾਰੀ ਅਤੇ ਜਨਤਾ ਪ੍ਰਤੀ ਸੰਵੇਦਨਸ਼ੀਲਤਾ ਨੂੰ ਦਰਸਾਉਂਦੇ ਹਨ।
ਇਸ ਮੌਕੇ ਪ੍ਰਦੀਪ ਮਲਹੋਤਰਾ, ਵੇਰਕਾ ਮਿਲਕ ਪਲਾਂਟ ਹੁਸ਼ਿਆਰਪੁਰ ਦੇ ਚੇਅਰਮੈਨ ਜਸਪਾਲ ਸਿੰਘ, ਜਨਰਲ ਮੈਨੇਜਰ ਰਾਜੇਸ਼ ਬਲਸੋਤਰਾ, ਮੈਨੇਜਰ ਇੰਜੀਨੀਅਰਿੰਗ ਜਤਿੰਦਰਪਾਲ ਸਿੰਘ,  ਇੰਚਾਰਜ ਦੁੱਧ ਪ੍ਰਾਪਤੀ ਸੁਖਦੇਵ ਸਿੰਘ ਚੌਹਾਲ, ਇੰਚਾਰਜ ਕੁਆਲਿਟੀ ਅਮਨਦੀਪ ਕੌਰ, ਇੰਚਾਰਜ ਉਤਪਾਦਨ ਸ਼ੈਲੇਂਦਰ ਕੁਮਾਰ, ਸਿਮਰਨਜੀਤ ਸਿੰਘ, ਡਿਪਟੀ ਮੈਨੇਜਰ ਇੰਜੀਨੀਅਰਿੰਗ ਗੌਰਵ ਸ਼ਰਮਾ ਅਤੇ ਡਿਪਟੀ ਮੈਨੇਜਰ ਮਾਰਕੀਟਿੰਗ ਜਗਤਾਰ ਸਿੰਘ ਵੀ ਮੌਜੂਦ ਸਨ।