ਹੜ੍ਹ ਪ੍ਰਭਾਵਿਤ 20 ਸਰਕਾਰੀ ਸਕੂਲਾਂ ਨੂੰ ਛੱਡ ਕੇ ਸਾਰੇ ਸਰਕਾਰੀ ਸਕੂਲ ਖੁੱਲਣਗੇ

55

ਹੁਸ਼ਿਆਰਪੁਰ, 9 ਸਤੰਬਰ 2025 AJ DI Awaaj

Punjab Desk :  ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਹਾਲ ਹੀ ਵਿਚ ਆਈ ਭਾਰੀ ਬਾਰਿਸ਼ ਅਤੇ ਹੜ੍ਹਾਂ ਕਾਰਨ ਜ਼ਿਲ੍ਹੇ ਦੇ 20 ਸਰਕਾਰੀ ਸਕੂਲਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਇਨ੍ਹਾਂ ਵਿਚ 4 ਅੱਪਰ ਪ੍ਰਾਇਮਰੀ ਅਤੇ 16 ਪ੍ਰਾਇਮਰੀ ਸਕੂਲ ਸ਼ਾਮਲ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਬਾਕੀ ਸਾਰੇ ਸਰਕਾਰੀ ਸਕੂਲ 10 ਸਤੰਬਰ ਤੋਂ ਖੁੱਲ੍ਹਣਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਪ੍ਰਸ਼ਾਸਨ ਦੀ ਪਹਿਲੀ ਤਰਜੀਹ ਹੈ ਅਤੇ ਪ੍ਰਭਾਵਿਤ ਸਕੂਲ ਸਿਰਫ਼ ਉਦੋਂ ਹੀ ਖੋਲ੍ਹੇ ਜਾਣਗੇ ਜਦੋਂ ਇਮਾਰਤਾਂ, ਸੜਕ ਸੰਪਰਕ ਅਤੇ ਹੋਰ ਬੁਨਿਆਦੀ ਢਾਂਚਾ ਪੂਰੀ ਤਰ੍ਹਾਂ ਸੁਰੱਖਿਅਤ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ ਅਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਲਲਿਤਾ ਅਰੋੜਾ ਤੋਂ ਪ੍ਰਾਪਤ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਬੰਦ ਰਹਿਣ ਵਾਲੇ ਅੱਪਰ ਪ੍ਰਾਇਮਰੀ ਸਕੂਲਾਂ ਵਿਚ ਸਰਕਾਰੀ ਹਾਈ ਸਕੂਲ ਫੁਗਲਾਣਾ, ਸਰਕਾਰੀ ਮਿਡਲ ਸਕੂਲ ਹਕੂਮਤਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਂਦਪੁਰ ਅਤੇ ਸਰਕਾਰੀ ਮਿਡਲ ਸਕੂਲ ਹਲੇੜ ਜਨਾਰਦਨ ਸ਼ਾਮਿਲ ਹਨ।
ਇਸੇ ਤਰ੍ਹਾਂ ਜਿਹੜੇ ਪ੍ਰਾਇਮਰੀ ਸਕੂਲ ਬੰਦ ਰਹਿਣਗੇ ਉਨ੍ਹਾਂ ਵਿਚ ਹਲੇੜ ਜਨਾਰਦਾਨ, ਜਾਹਿਦਪੁਰ ਜੱਟਾਂ, ਸਾਹਿਬ ਦਾ ਪਿੰਡ, ਲੁਧਿਆਣੀ, ਰੂਪੋਵਾਲ, ਬੈਂਸ ਅਵਾਣ, ਮੋਨਾ ਖੁਰਦ, ਦੇਨੋਵਾਲ ਕਲਾਂ, ਜਾਂਗਲੀਆਣਾ, ਸੁਤੈਹਿਰੀ ਰੋਡ, ਕਾਲੂਵਾਲ, ਬੀਰਮਪੁਰ, ਜੇਜੋਂ ਦੁਆਬਾ, ਹਰਜੀਆਣਾ ਬਸਤੀ, ਹਰਜੀਆਣਾ ਅਤੇ ਘੁਮਿਆਲ ਸ਼ਾਮਿਲ ਹਨ।

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਉਪਰੋਕਤ ਦੱਸੇ ਗਏ ਪ੍ਰਭਾਵਿਤ ਸਕੂਲਾਂ ਵਿਚ ਨਾ ਭੇਜਣ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ। ਉਨ੍ਹਾਂ ਭਰੋਸਾ ਦਿੱਤਾ ਕਿ ਸਾਰੇ ਪ੍ਰਭਾਵਿਤ ਸਕੂਲਾਂ ਦੀ ਸਫ਼ਾਈ ਅਤੇ ਮੁਰੰਮਤ ਦਾ ਕੰਮ ਪਹਿਲ ਦੇ ਆਧਾਰ ‘ਤੇ ਕੀਤਾ ਜਾ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਘੱਟ ਤੋਂ ਘੱਟ ਪ੍ਰਭਾਵਿਤ ਹੋਵੇ।