ਭਾਰੀ ਬਰਸਾਤ ਕਾਰਨ ਪ੍ਰਭਾਵਿਤ ਇਲਾਕਿਆਂ ਦਾ ਵਿਧਾਇਕ ਮਾਲੇਰਕੋਟਲਾ ਵਲੋਂ ਜਾਇਜ਼ਾ

33

ਸੰਦੋੜ/ਮਾਲੇਰਕੋਟਲਾ, 04 ਸਤੰਬਰ 2025 AJ Di Awaaj

Punjab Desk :   ਮਾਲੇਰਕੋਟਲਾ ਹਲਕੇ ਵਿੱਚ ਲਗਾਤਾਰ ਹੋ ਰਹੀ ਭਾਰੀ ਬਰਸਾਤ ਕਾਰਨ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਪੰਜਾਬ ਸਰਕਾਰ ਵਲੋਂ ਪੂਰੀ ਚੌਕਸੀ ਨਾਲ ਕਦਮ ਚੁੱਕੇ ਜਾ ਰਹੇ ਹਨ। ਇਸ ਗੱਲ ਦੀ ਜਾਣਕਾਰੀ ਵਿਧਾਇਕ ਮਾਲੇਰਕੋਟਲਾ ਡਾ.ਜਮੀਲ ਉਰ ਰਹਿਮਾਨ ਨੇ ਪਿੰਡਾਂ ਦਾ ਦੌਰਾ ਕਰਦਿਆਂ ਅਤੇ ਖਾਸ ਤੌਰ ’ਤੇ ਚੱਕ ਸੇਖੂਪੁਰ ਕਲਾਂ ਵਿੱਚ ਪ੍ਰਭਾਵਿਤ ਘਰਾਂ ਦਾ ਜਾਇਜਾ ਲੈਂਦਿਆਂ ਦਿੱਤੀ ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਵਲੋਂ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਰਾਹਤ ਅਤੇ ਬਚਾਅ ਕਾਰਜਾਂ ਲਈ ਹਰ ਸੰਭਵ ਸਹਿਯੋਗ ਦਿੱਤਾ ਜਾ ਰਿਹਾ ਹੈ। ਪਿੰਡ ਦੇ ਸਰਪੰਚ ਬਲਵਿੰਦਰ ਕੌਰ ਦੀ ਮੰਗ ਅਨੁਸਾਰ ਲੋੜਵੰਦ ਪਰਿਵਾਰਾਂ ਨੂੰ ਤਰਪਾਲਾਂ ਸੋਂਪਦਿਆਂ ਉਨ੍ਹਾਂ ਭਰੋਸਾ ਦਿਵਾਇਆ ਕਿ ਕਿਸੇ ਵੀ ਪ੍ਰਭਾਵਿਤ ਪਰਿਵਾਰ ਨੂੰ ਲੋੜੀਂਦੀ ਮਦਦ ਤੋਂ ਵਾਂਝਾ ਨਹੀਂ ਰੱਖਿਆ ਜਾਵੇਗਾ ।

ਡਾ. ਜਮੀਲ ਉਰ ਰਹਿਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਪੁਸ਼ਟੀ ਵਾਲੀਆਂ ਖ਼ਬਰਾਂ ਜਾਂ ਅਫ਼ਵਾਹਾਂ ਤੋਂ ਬਚਣ ਅਤੇ ਕੇਵਲ ਪ੍ਰਸ਼ਾਸਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਸੂਬੇ ਦੇ ਹੜ੍ਹ ਪੀੜਤ ਇਲਾਕਿਆਂ ਵਿੱਚ ਰਾਹਤ ਸਮੱਗਰੀ ਦੀ ਵੰਡ, ਅਸਥਾਈ ਆਸਰਾ ਕੈਂਪਾਂ ਦੀ ਸਥਾਪਨਾ, ਸਿਹਤ ਸੇਵਾਵਾਂ ਦੀ ਉਪਲਬਧਤਾ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ’ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ।

ਵਿਧਾਇਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਰੂਰੀ ਸਮਾਨ ਦੀ ਜਮ੍ਹਾਖੋਰੀ ਜਾਂ ਵੱਧ ਕੀਮਤ ਵਸੂਲਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਮਾਜਿਕ ਸੰਗਠਨ, ਰੈੱਡ ਕ੍ਰਾਸ ਸੁਸਾਇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਂਝੇ ਯਤਨਾਂ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਜ਼ਰੂਰੀ ਵਸਤਾਂ ਦੀ ਸਪਲਾਈ ਲਗਾਤਾਰ ਕੀਤੀ ਜਾ ਰਹੀ ਹੈ।

ਵਿਧਾਇਕ ਮਾਲੇਰਕੋਟਲਾ ਨੇ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਹਰ ਪ੍ਰਭਾਵਿਤ ਪਰਿਵਾਰ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਸਮੂਹਿਕ ਸਹਿਯੋਗ ਹੀ ਸਭ ਤੋਂ ਵੱਡੀ ਤਾਕਤ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਸਰਕਾਰ ਇਸ ਮੁਸ਼ਕਲ ਘੜੀ ਨੂੰ ਜਲਦ ਪਾਰ ਕਰੇਗੀ । ਇਸ ਮੌਕੇ ਅਮਰਿੰਦਰ ਸਿੰਘ ਫੌਜੀ,ਜਗਜੀਤ ਸਿੰਘ ਮਾਸਟਰ,ਹਰਦੇਵ ਸਿੰਘ,ਮੁਹੰਮਦ ਸਲੀਮ,ਹਰਪ੍ਰੀਤ ਸਿੰਘ ਪੰਚ,ਸਰਿੰਦਰ ਸਿੰਘ ਪੰਚ,ਮੰਨਾ ਰਾਣੀ ਪੰਚ,ਚਮਕੌਰ ਸਿੰਘ ਪੰਚ,ਦਲਜੀਤ ਸਿੰਘ ਪੰਚ,ਗੁਰਮੁੱਖ ਸਿੰਘ ਪੰਚ ਬਲਵੰਤ ਸਿੰਘ ਫੌਜੀ , ਹਮੀਦਾ ਪੰਚ ਤੋਂ ਇਲਾਵਾ ਹੋਰ ਇਲਾਕਾ ਨਿਵਾਸੀ ਮੌਜੂਦ ਸਨ