ਐੱਸ.ਡੀ.ਐੱਮ. ਕਲਾਨੌਰ ਜਯੋਤਸਨਾ ਸਿੰਘ ਦੇ ਯਤਨਾਂ ਸਦਕਾ ਹੜ੍ਹ ਵਿੱਚ ਫਸੀ ਲੜਕੀ ਦਾ ਵਿਆਹ ਹੋ ਸਕਿਆ

33
ਗੁਰਦਾਸਪੁਰ, 03 ਸਤੰਬਰ 2025 AJ DI Awaaj
Punjab Desk : ਰਾਵੀ ਦਰਿਆ ਦੇ ਹੜ੍ਹਾਂ ਦੌਰਾਨ ਲੋਕਾਂ ਨੂੰ ਬਚਾਉਣ ਤੇ ਰਾਹਤ ਪਹੁੰਚਾਉਣ ਲਈ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਮਿਸਾਲੀ ਕੰਮ ਕੀਤਾ ਜਾ ਰਿਹਾ ਹੈ। ਬੀਤੇ ਦਿਨੀਂ ਹੜ੍ਹਾਂ ਦੌਰਾਨ ਐੱਸ.ਡੀ.ਐੱਮ. ਕਲਾਨੌਰ ਸ੍ਰੀਮਤੀ ਜਯੋਤਸਨਾ ਸਿੰਘ ਦੇ ਦਲੇਰੀ ਭਰੇ ਉਪਰਾਲੇ ਕਾਰਨ ਇੱਕ ਲੜਕੀ ਦੀ ਡੋਲੀ ਤੁਰ ਸਕੀ ਹੈ।

ਕਲਾਨੌਰ ਦੇ ਨਜ਼ਦੀਕ ਪਿੰਡ ਸ਼ਾਲੇ ਚੱਕ ਦੀ ਵਸਨੀਕ ਮੁਟਿਆਰ ਕਰਮੀ ਪੁੱਤਰੀ ਬੂਆ ਮਸੀਹ ਦਾ ਵਿਆਹ 28 ਅਗਸਤ ਨੂੰ ਬਟਾਲਾ ਦੇ ਇੱਕ ਨੌਜਵਾਨ ਨਾਲ ਹੋਣ ਨਿਯਤ ਹੋਇਆ ਸੀ। ਅਚਾਨਕ 27 ਅਗਸਤ ਦੀ ਰਾਤ ਨੂੰ ਆਏ ਹੜ੍ਹ ਕਾਰਨ ਪਿੰਡ ਸ਼ਾਲੇ ਚੱਕ ਪਾਣੀ ਵਿੱਚ ਘਿਰ ਗਿਆ। ਅਗਲੀ ਸਵੇਰ ਬੂਆ ਮਸੀਹ ਦੀ ਲੜਕੀ ਦਾ ਵਿਆਹ ਸੀ ਪਰ ਹੜ੍ਹ ਅੱਗੇ ਪਰਿਵਾਰ ਦੀ ਕੋਈ ਪੇਸ਼ ਨਹੀਂ ਸੀ ਜਾ ਰਹੀ। ਲੜਕੀ ਦਾ ਵਿਆਹ ਕਲਾਨੌਰ ਵਿਖੇ ਹੋਣਾ ਸੀ। ਲਾੜੇ ਸਮੇਤ ਬਰਾਤ ਕਲਾਨੌਰ ਲਈ ਬਟਾਲਾ ਤੋਂ ਰਵਾਨਾ ਹੋ ਗਈ। ਓਧਰ ਅਖੀਰ ਕੋਈ ਵਾਹ ਨਾ ਚੱਲਦੀ ਦੇਖ ਕੇ ਲੜਕੀ ਦੇ ਪਿਤਾ ਬੂਆ ਮਸੀਹ ਨੇ ਆਪਣੇ ਪਿੰਡ ਦੇ ਸਰਪੰਚ ਕੋਲ ਆਪਣੀ ਮੁਸ਼ਕਲ ਦੱਸੀ। ਸਰਪੰਚ ਨੇ ਉਸੇ ਵੇਲੇ ਐੱਸ.ਡੀ.ਐੱਮ. ਕਲਾਨੌਰ ਨੂੰ ਫ਼ੋਨ ਕਰਕੇ ਸਹਾਇਤਾ ਮੰਗੀ।

ਐੱਸ.ਡੀ.ਐੱਮ. ਜਯੋਤਸਨਾ ਸਿੰਘ ਨੂੰ ਜਦੋਂ ਇਹ ਪਤਾ ਲੱਗਾ ਕਿ ਇੱਕ ਲੜਕੀ ਹੱਥੀਂ ਚੂੜਾ ਪਾ ਕੇ ਸਾਰੇ ਸ਼ਗਨ ਵਿਹਾਰ ਕਰਕੇ ਆਪਣੇ ਵਿਆਹ ਲਈ ਤਿਆਰ ਹੈ ਪਰ ਹੜ੍ਹ ਦਾ ਪਾਣੀ ਰਾਹ ਰੋਕੀ ਖੜ੍ਹਾ ਹੈ ਤਾਂ ਮੈਡਮ ਐੱਸ.ਡੀ.ਐੱਮ. ਤੁਰੰਤ ਐੱਨ.ਡੀ.ਆਰ.ਐੱਫ. ਦੀ ਟੀਮ ਰਾਹੀਂ ਕਿਸ਼ਤੀ ਵਿੱਚ ਸਵਾਰ ਹੋ ਕੇ ਪਿੰਡ ਸ਼ਾਲੇ ਚੱਕ ਜਾ ਪਹੁੰਚੇ। ਮੈਡਮ ਐੱਸ.ਡੀ.ਐੱਮ. ਨੇ ਪਿੰਡ ਪਹੁੰਚ ਕੇ ਵਿਆਹ ਵਾਲੀ ਕੁੜੀ ਨੂੰ ਵਧਾਈ ਦਿੱਤੀ ਅਤੇ ਪਰਿਵਾਰਕ ਮੈਂਬਰਾਂ ਨਾਲ ਕਿਸ਼ਤੀ ਵਿੱਚ ਸਵਾਰ ਕਰਕੇ ਕਲਾਨੌਰ ਲਿਆਂਦਾ ਜਿੱਥੇ ਪੂਰੀ ਧੂਮ-ਧਾਮ ਨਾਲ ਉਸ ਦਾ ਵਿਆਹ ਹੋ ਸਕਿਆ। ਕੁੜੀ ਦੇ ਪਰਿਵਾਰ ਨੇ ਇਸ ਔਖੇ ਵੇਲੇ ਮਦਦ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਐੱਸ.ਡੀ.ਐੱਮ. ਕਲਾਨੌਰ ਜਯੋਤਸਨਾ ਸਿੰਘ ਦਾ ਧੰਨਵਾਦ ਕੀਤਾ ਹੈ।