ਮੁਹਿੰਮ ਕਾਰਨ ਡੇਂਗੂ ਮਾਮਲਿਆਂ ਵਿੱਚ ਆਈ ਕਮੀ

35

Abohar 02 Sep 2025 AJ DI Awaaj

Punjab Desk : ਸਿਵਲ ਸਰਜਨ ਫਾਜ਼ਿਲਕਾ ਡਾਕਟਰ ਰਾਜ ਕੁਮਾਰ ਦੀ ਉਚੇਚੀ ਨਿਗਰਾਨੀ ਵਿੱਚ, ਸਹਾਇਕ ਸਿਵਲ ਸਰਜਨ ਡਾਕਟਰ ਰੋਹਿਤ ਗੋਇਲ ਅਤੇ ਜ਼ਿਲ੍ਹਾ ਐਪੀਡਿਮੈਲੋਜ਼ਿਸਟ ਡਾਕਟਰ ਸੁਨੀਤਾ ਕੰਬੋਜ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਸੁਰੇਸ਼ ਕੰਬੋਜ ਦੀ ਅਗਵਾਈ ਵਿੱਚ ਅਬੋਹਰ ਵਿਖੇ ਚਲਾਈ ਜਾ ਰਹੀ ‘ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ’ ਮੁਹਿੰਮ ਸਫ਼ਲ ਸਾਬਿਤ ਹੋ ਰਹੀ ਹੈ। ਇਸ ਮੁਹਿੰਮ ਤਹਿਤ ਪਿਛਲੇ ਦੋ ਸਾਲਾਂ ਵਿੱਚ ਡੇਂਗੂ ਦੇ ਮਾਮਲਿਆਂ ਵਿੱਚ ਕਮੀ ਦੇਖਣ ਨੂੰ ਮਿਲੀ ਹੈ ਅਤੇ ਅਬੋਹਰ ਵਿੱਚ ਇਸ ਸਾਲ ਹੁਣ ਤੱਕ ਕੋਈ ਵੀ ਡੇਂਗੂ ਦਾ ਕੇਸ ਰਿਪੋਰਟ ਨਹੀਂ ਹੋਇਆ ਹੈ।

ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸੁਰੇਸ਼ ਕੰਬੋਜ ਨੇ ਕਿਹਾ ਕਿ ਇਸ ਮੁਹਿੰਮ ਦੀ ਸ਼ੁਰੂਆਤ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਦੀ ਅਗਵਾਈ ਵਿੱਚ ਸਿਹਤ ਵਿਭਾਗ ਵੱਲੋਂ ਸਾਲ 2023 ਵਿੱਚ ਕੀਤੀ ਗਈ ਸੀ, ਜਿਸ ਦਾ ਮੁੱਖ ਉਦੇਸ਼ ਡੇਂਗੂ ਦੇ ਲਾਰਵੇ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਨਸ਼ਟ ਕਰਨਾ ਸੀ। ਇਸ ਮੁਹਿੰਮ ਦੇ ਤਹਿਤ ਹਰ ਸ਼ੁੱਕਰਵਾਰ ਨੂੰ ਸਰਕਾਰੀ ਦਫ਼ਤਰਾਂ, ਹਸਪਤਾਲਾਂ, ਸਲੱਮ ਏਰੀਆ, ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ, ਧਾਰਮਿਕ ਸਥਾਨ, ਹੋਟ ਸਪਾਟ ਏਰੀਆ, ਨਰਸਰੀ, ਕਬਾੜ ਦੀਆਂ ਦੁਕਾਨਾਂ ਅਤੇ ਹੋਰ ਜਨਤਕ ਥਾਵਾਂ ‘ਤੇ ਵਿਸ਼ੇਸ਼ ਟੀਮਾਂ ਭੇਜੀਆਂ ਜਾਂਦੀਆਂ ਹਨ।

ਨੋਡਲ ਅਫਸਰ ਡਾਕਟਰ ਧਰਮਵੀਰ ਅਰੋੜਾ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਅਬੋਹਰ ਅਧੀਨ ਮਲਟੀ ਪਰਪਜ਼ ਹੈਲਥ ਵਰਕਰਾਂ ਦੀ ਨਿਗਰਾਨੀ ਹੇਠ 4 ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਕਿ ਕੂਲਰਾਂ, ਗਮਲਿਆਂ, ਪਾਣੀ ਦੀਆਂ ਟੈਂਕੀਆਂ ਅਤੇ ਹੋਰ ਥਾਵਾਂ ਦੀ ਜਾਂਚ ਕਰਦੀਆਂ ਹਨ, ਜਿੱਥੇ ਖੜ੍ਹੇ ਪਾਣੀ ਵਿੱਚ ਮੱਛਰ ਦਾ ਲਾਰਵਾ ਪੈਦਾ ਹੋ ਸਕਦਾ ਹੈ। ਇਸ ਦੇ ਨਾਲ ਹੀ ਆਮ ਲੋਕਾਂ ਨੂੰ ਡੇਂਗੂ ਦੇ ਲੱਛਣਾਂ ਅਤੇ ਬਚਾਅ ਦੇ ਤਰੀਕਿਆਂ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹਨਾਂ ਟੀਮਾਂ ਵੱਲੋਂ ਇੱਕ ਵਾਰ ਸ਼ਹਿਰ ਦੇ ਸਮੂਹ 32750 ਘਰਾਂ ਦਾ ਸਰਵੇ ਅਤੇ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਹਾਈ ਰਿਸਕ ਏਰੀਆ ਦੀ ਵਿਜ਼ਿਟ ਦੋ ਵਾਰ ਮੁਕੰਮਲ ਹੋ ਚੁੱਕੀ ਹੋ ਅਤੇ ਹੁਣ ਵੀ ਜਾਰੀ ਹੈ। ਇਹਨਾਂ ਹਾਈ ਰਿਸਕ ਏਰੀਆ ਵਿੱਚ ਨਾਨਕ ਨਗਰੀ, ਆਨੰਦ ਨਗਰੀ, ਪ੍ਰੇਮ ਨਗਰ, ਗੋਬਿੰਦ ਨਗਰੀ, ਠਾਕਰ ਆਬਾਦੀ, ਮਾਡਲ ਟਾਊਨ, ਸੁਭਾਸ਼ ਨਗਰੀ, ਪੰਜਪੀਰ ਅਤੇ ਸ਼ਹੀਦ ਭਗਤ ਸਿੰਘ ਨਗਰ ਸ਼ਾਮਲ ਹਨ। ਇਹਨਾਂ ਥਾਵਾਂ ‘ਤੇ ਪਿਛਲੇ ਸਾਲਾਂ ਵਿੱਚ ਡੇਂਗੂ ਦੇ ਮਾਮਲੇ ਸਾਹਮਣੇ ਆਏ ਸਨ।

ਐਨ.ਵੀ.ਬੀ.ਡੀ.ਸੀ.ਪੀ ਬ੍ਰਾਂਚ ਇੰਚਾਰਜ ਟਹਿਲ ਸਿੰਘ ਨੇ ਕਿਹਾ ਕਿ ਬਰਸਾਤੀ ਮੌਸਮ ਕਾਰਨ ਥਾਂ-ਥਾਂ ਤੇ ਪਾਣੀ ਜਮ੍ਹਾਂ ਹੋਣ ਕਾਰਨ ਮੱਛਰਾਂ ਦੀ ਪੈਦਾਵਾਰ ਦਾ ਖਤਰਾ ਬਣਿਆ ਰਹਿੰਦਾ ਹੈ, ਪਰ ਐਨ.ਵੀ.ਬੀ.ਡੀ.ਸੀ.ਪੀ ਵਿੰਗ ਅਤੇ ਬ੍ਰੀਡਿੰਗ ਚੈਕਰਾਂ ਵੱਲੋਂ ਲਗਾਤਾਰ ਘਰਾਂ ਅਤੇ ਵੱਖ-ਵੱਖ ਏਰੀਆ ਦੀ ਵਿਜ਼ਿਟ ਕਰਕੇ ਜਿੱਥੇ ਵੀ ਲਾਰਵਾ ਮਿਲਦਾ ਹੈ, ਉਸ ਨੂੰ ਉਸ ਸਮੇਂ ਹੀ ਨਸ਼ਟ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਘਰਾਂ ਵਿੱਚ ਪੌਦਿਆਂ ਲਈ ਹੁਣ ਪਲਾਸਟਿਕ ਦੇ ਗਮਲੇ ਵਰਤੇ ਜਾਂਦੇ ਹਨ, ਜਿਨ੍ਹਾਂ ਵਿੱਚ ਪਾਣੀ ਖੜਾ ਰਹਿੰਦਾ ਹੈ ਤੇ ਲਾਰਵਾ ਪੈਦਾ ਹੁੰਦਾ ਹੈ।
ਡਿਪਟੀ ਮਾਸ ਮੀਡੀਆ ਅਫਸਰ ਮਨਬੀਰ ਸਿੰਘ ਨੇ ਕਿਹਾ ਕਿ ਹਰ ਸ਼ੁੱਕਰਵਾਰ-ਡੇਂਗੂ ‘ਤੇ ਵਾਰ ਮੁਹਿੰਮ ਤਹਿਤ ਟੀਮਾਂ ਵੱਲੋਂ ਵੱਖ-ਵੱਖ ਥਾਂਵਾਂ ਤੇ ਜਾ ਕੇ ਸਰਵੇ ਦੇ ਨਾਲ-ਨਾਲ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਜਾਗਰੂਕ ਕਰਨ ਅਤੇ ਜਾਂਚ ਕਰਨ ਨਾਲ ਹੁਣ ਤੱਕ ਹਾਲਾਤ ਕਾਬੂ ਵਿੱਚ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਹਰ ਵਿਅਕਤੀ ਆਪਣਾ ਫ਼ਰਜ਼ ਨਿਭਾਵੇ ਅਤੇ ਪਾਣੀ ਦੇ ਸਰੋਤਾਂ ਨੂੰ ਹਫਤੇ ਵਿੱਚ ਇੱਕ ਵਾਰ ਵੀ ਚੰਗੀ ਤਰ੍ਹਾਂ ਸਾਫ ਕਰਕੇ ਸੁਖਾ ਲਵੇ ਤਾਂ ਪੰਜਾਬ ਨੂੰ ਡੇਂਗੂ ਮੁਕਤ ਬਣਾਉਣ ਵਿੱਚ ਆਪਣੀ ਭਾਗੀਦਾਰੀ ਦੇ ਸਕਦਾ ਹੈ। ਇਸ ਮੌਕੇ ਮ.ਪ.ਹ.ਵ ਪਰਮਜੀਤ ਸਿੰਘ, ਜਗਦੀਸ਼ ਕੁਮਾਰ, ਰਾਜੀਵ ਕੁਮਾਰ, ਭਾਰਤ ਸੇਠੀ ਅਤੇ ਬ੍ਰੀਡਿੰਗ ਚੈਕਰ ਮੌਜੂਦ ਸਨ।