ਜ਼ਮੀਨਾਂ ਦੀ ਮਾਲਕੀ ਤੇ ਰਿਹਾਇਸ਼ ਲਈ ਵਿਸ਼ੇਸ਼ ਯਤਨ – ਗਵਰਨਰ ਕਟਾਰੀਆ

48

ਫਿਰੋਜ਼ਪੁਰ 2 ਸਤੰਬਰ 2025 AJ DI Awaaj

Punjab Desk : ਜ਼ਮੀਨਾਂ ਦੀ ਪੱਕੀ ਮਾਲਕੀ ਕਰਕੇ ਗਿਰਦਾਵਰੀ ਰਾਹੀਂ ਫਸਲਾਂ ਦਾ ਮੁਆਵਜ਼ਾ ਦੇਣ ਅਤੇ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਰਕਾਰੀ ਸਕੀਮਾਂ ਦਾ ਲਾਭ ਦਵਾਉਣ ਸਬੰਧੀ ਮੰਗ ਬਿਲਕੁਲ ਜਾਇਜ਼ ਹੈ ਅਤੇ ਇਸ ਸਬੰਧੀ ਸੀਐਮ ਸਾਹਿਬ ਦੇ ਧਿਆਨ ਵਿੱਚ ਲਿਆ ਕੇ ਪੱਕੇ ਤੌਰ ਤੇ ਹੱਲ ਕਰਨ ਦਾ ਯਤਨ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਪੰਜਾਬ ਦੇ ਗਵਰਨਰ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਫਿਰੋਜ਼ਪੁਰ ਦੇ ਪਿੰਡ ਬਾਰੇ ਕੇ ਸਕੂਲ ਵਿਖੇ ਹੜ ਪੀੜਤਾਂ ਲਈ ਬਣਾਏ ਗਏ ਰਾਹਤ ਕੇਂਦਰ ਵਿਚ ਰੱਖੇ ਗਏ ਹੜ ਪੀੜਤਾਂ ਨਾਲ ਮੁਲਾਕਾਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ, ਕਮਿਸ਼ਨਰ ਫਿਰੋਜਪੁਰ ਮੰਡਲ ਸ੍ਰੀ ਅਰੁਣ ਸ਼ੇਖੜੀ,  ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਅਤੇ ਐਸ.ਐਸ.ਪੀ ਭੁਪਿੰਦਰ ਸਿੰਘ ਮੌਜੂਦ ਸਨ। ਇਸ ਤੋਂ ਪਹਿਲਾਂ ਉਹਨਾਂ ਨੇ ਹੁਸੈਨੀਵਾਲਾ ਸ਼ਹੀਦੀ ਸਮਾਰਕ ਤੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਮਾਨਯੋਗ ਗਵਰਨਰ ਸ੍ਰੀ ਗੁਲਾਬ ਚੰਦ ਕਟਾਰੀਆਂ ਨੇ ਕਿਹਾ ਕਿ 250 ਤੋਂ ਵੱਧ ਹੜ ਪੀੜਤਾਂ ਨੂੰ ਬਾਰੇ ਕੇ ਸਕੂਲ ਵਿਖੇ ਬਣਾਏ ਰਾਹਤ ਕੇਂਦਰ ਵਿਚ ਸੁਰਖਿਅਤ ਰੱਖਿਆ ਗਿਆ ਹੈ। ਇਹਨਾਂ ਨੇ ਦੱਸਿਆ ਹੈ ਕਿ ਉਹ ਆਪਣੇ ਬਜ਼ੁਰਗਾਂ ਦੇ ਨਾਲ ਪਿੱਛਲੇ 70 ਸਾਲਾਂ ਤੋਂ ਆਪਣੇ ਬਜ਼ਰੂਗਾਂ ਨਾਲ  ਖੇਤੀ ਕਰਦੇ ਆਏ ਹਨ। ਪਹਿਲਾਂ ਇਹਨਾਂ ਜਮੀਨਾਂ ਦੀ ਗਿਰਦਾਵਰੀ ਇਹਨਾਂ ਦੇ ਨਾਮ ਤੇ ਸੀ। ਪਰ ਸਰਕਾਰੀ ਰਿਕਾਰਡ ਦੇ ਵਿੱਚ ਹੁਣ ਇਹ ਗਿਰਦਾਵਰੀ ਨਾਮ ਤੇ ਨਾ ਹੋਣ ਕਰਕੇ ਕਿਸੇ ਵੀ ਸਰਕਾਰੀ ਸਕੀਮ ਦਾ ਲਾਭ ਇਹਨਾਂ ਨੂੰ ਨਹੀਂ ਮਿਲ ਪਾਉਂਦਾ।
ਇਸ ਤੋਂ ਇਲਾਵਾ ਇਹਨਾਂ ਨੇ ਇਹ ਵੀ ਧਿਆਨ ਵਿੱਚ ਲਿਆਂਦਾ ਹੈ ਕਿ ਹਰ ਸਾਲ ਹੜਾ ਦੀ ਮਾਰ ਤਾਂ ਇਹਨਾਂ ਨੂੰ ਚੱਲਣੀ ਹੀ ਪੈਂਦੀ ਹੈ। ਇਸ ਦੇ ਨਾਲ ਨਾਲ ਜਦੋ ਵੀ ਕਦੇ ਜੰਗ ਦਾ ਮਾਹੋਲ ਬਣਦਾ ਹੈ ਤਾਂ ਇਨ੍ਹਾਂ ਨੂੰ ਆਪਣਾ ਘਰ ਛੱਡ ਕੇ ਸੁਰੱਖਿਅਤ ਸਥਾਨਾਂ ਤੇ ਆਉਣਾ ਪੈਂਦਾ ਹੈ।

ਗਵਰਨਰ ਸਾਹਿਬ ਨੇ ਕਿਹਾ ਕਿ ਇਹਨਾਂ ਦੀਆਂ ਗੱਲਾਂ ਸੁਣ ਕੇ ਇਹ ਮਹਿਸੂਸ ਹੁੰਦਾ ਹੈ ਕਿ ਹਰ ਸਾਲ ਇਹਨਾਂ ਨੂੰ ਦੋਹਰੀ ਮਾਰ ਚੱਲਣੀ ਪੈਂਦੀ ਹੈ ਇਸ ਲਈ ਇਹਨਾਂ ਦੀ ਸਮੱਸਿਆ ਦਾ ਸਥਾਈ ਹੱਲ ਹੋਣਾ ਚਾਹੀਦਾ ਹੈ। ਇਹਨਾਂ ਦੀਆਂ ਸਮੱਸਿਆਵਾਂ ਦੇ ਪੱਕੇ ਹੱਲ ਦੇ ਲਈ ਮੁੱਖ ਮੰਤਰੀ ਨਾਲ ਵਿਸ਼ੇਸ ਤੌਰ ਤੇ ਮੁਲਾਕਾਤ ਕਰ ਕੇ ਉਨ੍ਹਾਂ ਦੇ ਧਿਆਨ ਦੇ ਵਿੱਚ ਲਿਆ ਕੇ ਇਹਨਾਂ ਸਮੱਸਿਆਵਾਂ ਦਾ ਹੱਲ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬਾਰਡਰ ਦੇ ਨਾਲ ਖੇਤੀ ਵਾਲੀਆਂ ਜਮੀਨਾਂ ਤੇ ਤਾਂ ਇਹ ਖੇਤੀ ਕਰ ਹੀ ਰਹੇ ਹਨ ਪਰ ਰਹਿਣ ਦੇ ਲਈ ਇਹਨਾਂ ਨੂੰ ਸੁਰੱਖਿਤ ਸਥਾਨਾਂ ਤੇ ਮਾਲਿਕਾਨਾ ਹੱਕ ਦੇ ਕੇ ਜਗ੍ਹਾ ਦਿੱਤੀ ਜਾ ਸਕਦੀ ਹੈ ਤਾਂ ਜੋ ਇਨ੍ਹਾਂ ਨੂੰ ਹੜ ਅਤੇ ਜੰਗ ਵਰਗੇ ਹਲਾਤਾਂ ਵਿਚ ਆਪਣਾ ਘਰ ਨਾ ਛੱਡਣਾ ਪਵੇ। ਉਨ੍ਹਾਂ ਕਿਹਾ ਕਿ ਜਦੋਂ ਵੀ ਹੈੱਡ ਵਰਕਸ ਜਾਂ ਡੈਮਾਂ ਤੋਂ ਪਾਣੀ ਛੱਡਿਆ ਜਾਂਦਾ ਹੈ ਤਾਂ ਇਸ ਜਗ੍ਹਾ ਤੇ ਪਾਣੀ ਪਹੁੰਚਣ ਲਈ ਜਿੰਨਾ ਸਮਾਂ ਲਗਦਾ ਹੈ ਉਸ ਦੌਰਾਨ ਹੀ ਇਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਸੁਰੱਖਿਅਤ ਸਥਾਨਾ ਤੇ ਪਹੁੰਚਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਦੇ ਨਾਲ ਗੱਲਬਾਤ ਕਰ ਕੇ ਇਸ ਦਾ ਹੱਲ ਕੱਢਿਆ ਜਾਵੇਗਾ ਤਾਂ ਜੋ ਇਨ੍ਹਾਂ ਨੂੰ ਕੋਈ ਰਾਹਤ ਮਿਲ ਸਕੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਹੈਡਵਰਕਸ ਦਾ ਦੌਰਾ ਕਰਕੇ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ ਅਤੇ ਰੀਟਰੀਟ ਸੇਰਾਮਣੀ ਵੱਲ ਜਾਂਦੀ ਸੜਕ ਜੋ ਕਿ ਜਿਆਦਾ ਪਾਣੀ ਆਉਣ ਦੇ ਕਾਰਨ ਟੁੱਟ ਗਈ ਸੀ ਦਾ ਜਾਇਜ਼ਾ ਲਿਆ ਅਤੇ ਇਸ ਨੂੰ ਜਲਦੀ ਬਣਾਉਣ ਸਬੰਧੀ ਬੀਐਸਐਫ ਅਧਿਕਾਰੀਆਂ ਤੋਂ ਜਾਣਕਾਰੀ ਹਾਸਿਲ ਕੀਤੀ।
ਇਸ ਮੌਕੇ ਤੇ ਏਡੀਸੀ ਦਮਨਜੀਤ ਸਿੰਘ ਮਾਨ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।