ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਸਲਾਹਕਾਰੀ ਜਾਰੀ

29

ਪਟਿਆਲਾ, 1 ਸਤੰਬਰ 2025 AJ DI Awaaj

Punjab Desk : ਮੌਜੂਦਾ ਬਾਰਿਸ਼ ਅਤੇ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੱਦੇਨਜ਼ਰ, ਡਿਪਟੀ ਕਮਿਸ਼ਨਰ ਪਟਿਆਲਾ, ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹੇ ਦੇ ਵਸਨੀਕਾਂ ਲਈ ਇੱਕ ਸਲਾਹਕਾਰੀ ਜਾਰੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਨਦੀਆਂ, ਖ਼ਾਸ ਕਰਕੇ ਘੱਗਰ, ਟਾਂਗਰੀ ਤੇ ਮਾਰਕੰਡਾ ਸਮੇਤ ਕੁਝ ਬਰਸਾਤੀ ਨਾਲੇ ਵਾਧੂ ਪਾਣੀ ਆਉਣ ਕਾਰਨ ਉਛਲ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕੱਚੇ ਰਸਤੇ ਜਾਂ ਅਸਥਾਈ ਸੜਕਾਂ, ਖਾਸ ਕਰਕੇ ਨਦੀਆਂ ਤੇ ਹੋਰ ਜਲ ਸਰੋਤਾਂ ਦੇ ਨੇੜੇ, ਜਾਣ ਤੇ ਇਨ੍ਹਾਂ ਨੇੜਲੇ ਰਸਤਿਆਂ ਦੀ ਵਰਤੋਂ ਕਰਨ ਤੋਂ ਬਚਣ ਅਤੇ ਬੇਲੋੜੀ ਆਵਾਜਾਈ ਤੋਂ ਪਰਹੇਜ਼ ਕਰਨ।

ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਫੋਟੋਆਂ ਤੇ ਸੈਲਫੀ ਲੈਣ ਜਾਂ ਮਨੋਰੰਜਨ ਲਈ ਸੈਰ ਕਰਨ ਲਈ ਪੁਲਾਂ ਅਤੇ ਵੱਧ ਪਾਣੀ ਵਾਲੇ ਜਲ ਸਰੋਤਾਂ ‘ਤੇ ਜਾਂ ਨੇੜੇ ਨਾ ਖੜ੍ਹੇ ਹੋਣ ਦੀ ਅਪੀਲ ਵੀ ਕੀਤੀ, ਅਤੇ ਨਦੀ ਦੇ ਕਿਨਾਰਿਆਂ ਦੇ ਨੇੜੇ ਪਸ਼ੂਆਂ ਤੇ ਮਵੇਸ਼ੀਆਂ ਨੂੰ ਲੈ ਕੇ ਜਾਣ ਤੋਂ ਵੀ ਬਚਣ ਦੀ ਸਲਾਹ ਦਿੱਤੀ ਹੈ।

ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਅਗਲੇ ਤਿੰਨ ਦਿਨਾਂ ਲਈ ਇੱਕ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ 24 ਘੰਟੇ ਨਿਰੰਤਰ ਸਥਿਤੀ ਉਪਰ ਨਿਗਰਾਨੀ ਕਰ ਰਿਹਾ ਹੈ ਅਤੇ ਜਿੱਥੇ ਵੀ ਲੋੜ ਹੋਵੇ ਸਮੇਂ ਸਿਰ ਚੇਤਾਵਨੀ ਤੇ ਸਲਾਹਕਾਰੀ ਵੀ ਜਾਰੀ ਕੀਤੀ ਜਾ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ “ਸਾਡੀਆਂ ਟੀਮਾਂ ਜ਼ਿਲ੍ਹੇ ਭਰ ਦੇ ਨਦੀਆਂ ਤੇ ਨਾਲਿਆਂ ਦੀ ਨਿਗਰਾਨੀ ਸਮੇਤ ਇਨ੍ਹਾਂ ਦੇ ਕਮਜ਼ੋਰ ਕੰਢਿਆਂ ਤੇ ਬੰਨ੍ਹਾਂ ‘ਤੇ ਤਾਇਨਾਤ ਹਨ। ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਪਰ ਸਾਵਧਾਨੀ ਦੇ ਉਪਾਅ ਜ਼ਰੂਰੀ ਹਨ।”

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੇਂ ਸਿਰ ਅਲਰਟ ਅਤੇ ਅਪਡੇਟ ਜਾਰੀ ਕੀਤੇ ਜਾਂਦੇ ਰਹਿਣਗੇ। ਐਮਰਜੈਂਸੀ ਲਈ ਜਾਂ ਜਾਣਕਾਰੀ ਸਾਂਝੀ ਕਰਨ ਲਈ, ਜਿਲ੍ਹਾ ਨਿਵਾਸੀ ਕੰਟਰੋਲ ਰੂਮ ਨੰਬਰਾਂ: 0175-2350550 ਅਤੇ 2358550 ‘ਤੇ ਸੰਪਰਕ ਕਰ ਸਕਦੇ ਹਨ।