ਹੜ੍ਹਾਂ ਵਰਗੀ ਸਥਿਤੀ ਦੇ ਮੱਦੇਨਜ਼ਰ ਸਿਹਤ ਸਬੰਧੀ ਸਲਾਹਕਾਰੀ ਜਾਰੀ

58

ਬਰਨਾਲਾ, 27 ਅਗਸਤ 2025 AJ DI Awaaj
Punjab Desk :   ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਕਿਹਾ ਕਿ ਮੀਂਹ ਦੇ ਮੌਸਮ ਦੌਰਾਨ ਸਿਹਤ ਸਬੰਧੀ ਦਿੱਕਤਾਂ ਪੇਸ਼ ਆਉਣ ਦੀ ਸੰਭਾਵਨਾ ਵਧ ਜਾਂਦੀ ਹੈ।
ਓਨ੍ਹਾਂ ਕਿਹਾ ਕਿ ਇਸ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸਨ ਬਰਨਾਲਾ ਅਤੇ ਸਿਹਤ ਵਿਭਾਗ ਬਰਨਾਲਾ ਵਲੋਂ ਸਿਹਤ ਵਿਭਾਗ ਪੰਜਾਬ ਤੋਂ ਪ੍ਰਾਪਤ ਸਿਹਤ ਸਲਾਹ ਜਾਰੀ ਕੀਤੀ ਗਈ ਹੈ ਤਾਂ ਜੋ ਜ਼ਿਲ੍ਹਾ ਵਾਸੀ ਇਨ੍ਹਾਂ ਸਾਵਧਾਨੀਆਂ ਨੂੰ ਵਰਤਣ।
ਓਨ੍ਹਾਂ ਕਿਹਾ ਕਿ ਜਿੱਥੋਂ ਤੱਕ ਹੋ ਸਕੇ ਹੜ੍ਹ ਦੇ ਪਾਣੀ ਨਾਲ ਸਿੱਧੇ ਸੰਪਰਕ ਤੋਂ ਬਚੋ। ਪਾਣੀ ਭਰੇ ਇਲਾਕਿਆਂ ਵਿੱਚ ਸੁਰੱਖਿਆ ਵਾਲੇ ਜੁੱਤੇ (ਗਮਬੂਟ ਆਦਿ) ਵਰਤੋਂ। ਸਾਬਣ ਅਤੇ ਪਾਣੀ ਨਾਲ ਵਾਰ-ਵਾਰ ਹੱਥ ਧੋਵੋ, ਖਾਸ ਕਰਕੇ ਖਾਣ ਤੋਂ ਪਹਿਲਾਂ। ਭੋਜਨ ਅਤੇ ਪੀਣ ਵਾਲੇ ਪਾਣੀ ਨੂੰ ਚੰਗੀ ਤਰਾਂ ਢੱਕ ਕੇ ਰੱਖੋ। ਭੋਜਨ ਸੁਰੱਖਿਅਤ ਤਰੀਕੇ ਨਾਲ ਪਕਾਓ ਅਤੇ ਸਟੋਰ ਕਰੋ।
ਸਿਵਲ ਸਰਜਨ ਡਾਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਸਿਰਫ਼ ਉਬਾਲਿਆ ਜਾਂ ਕਲੋਰੀਨ ਵਾਲਾ ਪਾਣੀ ਪੀਓ। ਜਿੱਥੇ ਪਾਣੀ ਉਬਾਲਣਾ ਸੰਭਵ ਨਾ ਹੋਵੇ, ਉੱਥੇ ਕਲੋਰੀਨ ਦੀਆਂ ਗੋਲੀਆਂ ਦੀ ਵਰਤੋਂ ਕਰੋ। ਪਾਣੀ ਨੂੰ ਸਾਫ਼, ਢੱਕੇ ਹੋਏ ਭਾਂਡਿਆਂ ਵਿੱਚ ਸਟੋਰ ਕਰੋ ਅਤੇ ਪਾਣੀ ਕੱਢਣ ਲਈ ਲੰਮੀ ਡੰਡੀ ਵਾਲੇ ਭਾਂਡੇ ਜਾਂ ਟੂਟੀ ਦੀ ਵਰਤੋਂ ਕਰੋ। ਭੋਜਨ ਸਾਫ਼ ਸੁੱਥਰੇ ਤਰੀਕੇ ਨਾਲ ਰੱਖੋ, ਫਲ/ਸਬਜ਼ੀਆਂ ਨੂੰ ਸਾਫ਼ ਪਾਣੀ ਨਾਲ ਧੋਵੋ; ਹੜ੍ਹ ਦੇ ਪਾਣੀ ਦੇ ਸੰਪਰਕ ਵਿੱਚ ਆਉਣ ਵਾਲਾ ਭੋਜਨ ਨਾ ਖਾਓ।
ਮੱਖੀਆਂ/ ਮੱਛਰ (ਵੈਕਟਰ ਬੋਰਨ) ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਕੰਟੇਨਰਾਂ, ਟਾਇਰਾਂ, ਛੱਤਾਂ, ਟੋਇਆਂ, ਕੂਲਰਾਂ ਵਿੱਚ ਖੜਾ ਪਾਣੀ ਖਾਲੀ ਕਰ ਦਿਓ। ਛੱਤ ਉੱਪਰਲੇ ਟੈਂਕਾਂ ਅਤੇ ਪਾਣੀ ਸਟੋਰ ਕਰਨ ਵਾਲੇ ਭਾਂਡਿਆਂ ਨੂੰ ਚੰਗੀ ਤਰ੍ਹਾਂ ਢੱਕੋ। ਖਾਸ ਕਰਕੇ ਬੱਚਿਆਂ ਅਤੇ ਗਰਭਵਤੀ ਔਰਤਾਂ ਲਈ ਮੱਛਰਦਾਨੀ ਦੀ ਵਰਤੋਂ ਕਰੋ। ਪੂਰੀਆਂ ਬਾਹਾਂ ਵਾਲੇ ਕੱਪੜੇ ਪਾਓ ਅਤੇ ਮੱਛਰ ਤੋਂ ਬਚਾਅ ਵਾਲੀ ਕਰੀਮ ਆਦਿ ਲਗਾਓ। ਪ੍ਰਭਾਵਿਤ ਖੇਤਰਾਂ ਵਿੱਚ ਫੌਗਿੰਗ/ਸਪਰੇਅ ਕੀਤੀ ਜਾਵੇ।
ਸੱਪ ਦੇ ਕੱਟਣ ਤੋਂ ਰੋਕਥਾਮ ਲਈ ਹਨੇਰੇ ਤੋਂ ਬਾਅਦ ਪਾਣੀ ਭਰੇ ਜਾਂ ਝਾੜੀਆਂ ਵਾਲੇ ਖੇਤਰਾਂ ਵਿੱਚ ਜਾਣ ਤੋਂ ਬਚੋ; ਜੇ ਜਾਣਾ ਪਵੇ ਤਾਂ ਸੋਟੀ/ਟਾਰਚ ਆਦਿ ਦੀ ਵਰਤੋਂ ਕਰੋ। ਖੱਡਾਂ ਜਾਂ ਸੰਘਣੀ ਬਨਸਪਤੀ ਵਿੱਚ ਹੱਥ, ਪੈਰ ਨਾ ਪਾਓ। ਆਲੇ ਦੁਆਲੇ ਕੂੜਾ, ਚੂਹਿਆਂ ਦੀਆਂ ਖੱਡਾਂ ਆਦਿ, ਲੱਕੜ/ ਪੱਥਰਾਂ ਆਦਿ ਦੇ ਢੇਰ ਸਾਫ਼ ਕਰਕੇ ਰੱਖੋ ਜੋ ਸੱਪ ਆਦਿ ਨਾ ਆਉਣ।
ਚਮੜੀ ਦੀ ਐਲਰਜੀ, ਲਾਗ, ਫੰਗਲ ਬਿਮਾਰੀਆਂ ਦੀ ਰੋਕਥਾਮ ਲਈ ਹੜ੍ਹ ਦੇ ਪਾਣੀ ਨਾਲ ਲੰਬੇ ਸਮੇਂ ਤੱਕ ਸੰਪਰਕ ਤੋਂ ਬਚੋ; ਜਿੰਨੀ ਜਲਦੀ ਹੋ ਸਕੇ ਸੁੱਕੇ ਕੱਪੜੇ ਪਾਓ। ਹੜ੍ਹ ਦੇ ਪਾਣੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਸਾਫ਼ ਪਾਣੀ ਅਤੇ ਸਾਬਣ ਨਾਲ ਨਹਾਓ।ਫੰਗਲ ਇਨਫੈਕਸ਼ਨ ਰੋਕਣ ਲਈ ਚਮੜੀ ਜਿਆਦਾ ਸਮੇਂ ਤੱਕ ਗਿੱਲੀ ਨਾ ਰੱਖੋ ਬਲਕਿ ਚਮੜੀ ਸੁੱਕੀ ਰਹੇ। ਚਮੜੀ ‘ਤੇ ਖੁਰਕ, ਲਾਲੀ, ਧੱਫੜ ਆਦਿ ਹੋਣ ‘ਤੇ ਡਾਕਟਰ ਦੀ ਸਲਾਹ ਨਾਲ ਕਰੀਮ/ ਪਾਊਡਰ ਆਦਿ ਲਗਾਓ। ਲੋੜ ਪੈਣ ‘ਤੇ ਆਪਣੀ ਨੇੜਲੀ ਆਸ਼ਾ ਵਰਕਰ/ ਸਿਹਤ ਸੰਸਥਾਵਾਂ ਵਿੱਚ ਸੰਪਰਕ ਕਰੋ।
ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਵੇਲੇ ਹੜ੍ਹ ਕੰਟਰੋਲ ਰੂਮ ਦੇ ਨੰਬਰਾਂ ਬਰਨਾਲਾ 01679-233031, ਤਪਾ 01679-273201, ਮਹਿਲ ਕਲਾਂ 82641-93466 ‘ਤੇ ਸੰਪਰਕ ਕੀਤਾ ਜਾਵੇ।