ਫਾਜ਼ਿਲਕਾ ਵਿਧਾਇਕ ਰਾਤ ਦੇਰੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪਹੁੰਚੇ, ਰਾਸ਼ਨ ਤੇ ਪਸ਼ੂ ਚਾਰੇ ਦੀ ਵੰਡ

37

ਫਾਜ਼ਿਲਕਾ 27 ਅਗਸਤ 2025 AJ DI Awaaj

Punjab Desk : ਫਾਜ਼ਿਲਕਾ ਦੇ ਵਿਧਾਇਕ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਨੇ ਬੀਤੀ ਦੇਰ ਰਾਤ ਹਲਕਾ ਫਾਜ਼ਿਲਕਾ ਦੇ ਪਿੰਡ ਝੰਗੜ ਭੈਣੀ, ਰਾਮ ਸਿੰਘ ਭੈਣੀ, ਰੇਤੇਵਾਲੀ ਭੈਣੀ,ਗੁਲਾਬਾ ਭੈਣੀ, ਗੱਟੀ ਨੰ:1 ਅਤੇ ਮਹਾਤਮ ਨਗਰ, ਤੇਜਾ ਰੁਹੇਲਾ ਤੇ ਦੋਨਾ ਨਾਨਕਾ ਵਿਖੇ ਪਹੁੰਚ ਕੇ ਹੜ੍ਹ ਪ੍ਰਭਾਵਿਤ ਲੋਕਾਂ ਦਾ ਹਾਲ ਚਾਲ ਜਾਣਿਆ। ਇਸ ਦੌਰਾਨ ਉਨ੍ਹਾਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਪਸ਼ੂਆਂ ਦੀ ਫੀਡ ਵੀ ਵੰਡੀ।
ਇਸ ਮੌਕੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਪਹਾੜੀ ਖੇਤਰਾਂ ਵਿੱਚ ਪੈ ਰਹੀ ਭਾਰੀ ਬਾਰਿਸ਼ ਕਾਰਨ ਸਤਲੁਜ ਰਾਹੀਂ ਪਾਣੀ ਕਾਵਾਂਵਾਲੀ ਪੁੱਲ ਪਾਰ ਦੇ ਪਿੰਡ ਪਾਣੀ ਦੀ ਮਾਰ ਹੇਠ ਆ ਗਏ ਹਨ ਤੇ ਇਨ੍ਹਾਂ ਪਿੰਡਾਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਹਲਕੇ ਦੇ ਇਨ੍ਹਾਂ ਲੋਕਾਂ ਨਾਲ ਹਨ ਤੇ ਉਹ ਹੁਣ ਇਨ੍ਹਾਂ ਲੋਕਾਂ ਲਈ ਰਾਹਤ ਸਮੱਗਰੀ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਪਾਣੀ ਦੇ ਵਧ ਰਹੇ ਪੱਧਰ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਜਿਵੇਂ ਕਿ ਸਿਹਤ ਵਿਭਾਗ, ਪਸ਼ੂ ਵਿਭਾਗ ਤੇ ਹੋਰਨਾਂ ਵਿਭਾਗਾਂ ਦੀਆਂ ਟੀਮਾਂ ਲੋਕਾਂ ਦੀ ਮਦਦ ਲਈ ਜੁਟੀਆਂ ਹੋਈਆਂ ਹਨ। ਇਸ ਤੋਂ ਇਲਾਵਾ ਐੱਨ.ਡੀ.ਆਰ.ਐੱਫ ਦੀਆਂ ਟੀਮਾਂ ਵੀ ਬੁਲਾਈਆਂ ਗਈਆਂ ਹਨ ਜੇਕਰ ਹੋਰ ਪਾਣੀ ਵਧਣ ਕਾਰਨ ਇਨ੍ਹਾਂ ਪਿੰਡਾਂ ਨਾਲ ਸੜਕੀ ਸੰਪਰਕ ਟੁੱਟਦਾ ਹੈ ਤਾਂ ਮੋਟਰ ਬੋਟ ਦਾ ਸਹਾਰਾ ਲੈ ਕੇ ਇਨ੍ਹਾਂ ਪਿੰਡਾਂ ਨਾਲ ਸੰਪਰਕ ਜਾਰੀ ਰੱਖਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਵਿੱਚ ਲੋਕਾਂ ਨੂੰ ਰਾਸ਼ਨ ਤੇ ਪਸ਼ੂਆਂ ਲਈ ਫੀਡ ਵੰਡ ਦਿੱਤੀ ਗਈ ਹੈ ਤਾਂ ਜੋ ਉਹ ਇਸ ਕੁਦਰਤੀ ਆਫਤ ਸਮੇਂ ਆਪਣਾ ਗੁਜ਼ਾਰਾ ਕਰ ਸਕਣ ਤੇ ਬੇਜ਼ੁਬਾਨ ਪਸ਼ੂ ਵੀ ਭੁੱਖੇ ਨਾ ਰਹਿਣ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮੋਟਰ ਬੋਟ ਰਾਹੀਂ ਇਨ੍ਹਾਂ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਰਾਸ਼ਨ ਤੇ ਪਸ਼ੂਆਂ ਦੀ ਫੀਡ ਦੀ ਵੰਡ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਆਪਾਤ ਦੀ ਸਥਿਤੀ ਵਿੱਚ ਲੋਕਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਵਿਸ਼ਵਾਸ ਦਵਾਉਂਦਿਆਂ ਕਿਹਾ ਕਿ ਉਹ ਇਸ ਮੁਸ਼ਕਲ ਦੀ ਘੜੀ ਵਿੱਚ ਉਨ੍ਹਾਂ ਨਾਲ ਹਨ ਤੇ ਕਦੀ ਵੀ ਉਹ ਉਨ੍ਹਾਂ ਦੇ ਫੋਨ ਨੰ: 97813-77710 ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਨੀਵੇਂ ਇਲਾਕਿਆਂ ਵਿੱਚ ਰਹਿ ਰਹੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਆਪਣੇ ਘਰਾਂ ਵਿੱਚ ਹਨ ਤਾਂ ਉਹ ਬਾਹਰ ਆ ਜਾਣ ਤਾਂ ਜੋ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਇਆ ਜਾ ਸਕੇ।

ਇਸ ਮੌਕੇ ਤਹਿਸੀਲਦਾਰ ਜਸਪ੍ਰੀਤ ਸਿੰਘ ਵੀ ਵਿਸ਼ੇਸ਼ ਤੌਰ *ਤੇ ਮੌਜੂਦ ਸਨ।